ਫ਼ਾਜ਼ਿਲਕਾ, 8 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਜ਼ਦੀਕੀ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਗਲੀ ਵਿਚ ਖ਼ਾਲੀ ਪੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਕਰੀਬ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਇਸ ਦੌਰਾਨ ਕਿਸੇ ਨੇ ਝਗੜੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਪਿੰਡ ਦੇ ਸਰਪੰਚ ਛਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਘਰਾਂ ਦੇ ਸਾਹਮਣੇ ਬਣੀਆਂ ਪੁਰਾਣੀਆਂ ਨਾਲੀਆਂ ਕਾਫ਼ੀ ਡੂੰਘੀਆਂ ਸਨ ਅਤੇ ਕਈ ਸਾਲ ਪਹਿਲਾਂ ਬੰਦ ਹੋ ਚੁੱਕੀਆਂ ਸਨ | ਕਰੀਬ ਛੇ ਮਹੀਨੇ ਪਹਿਲਾਂ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਤਹਿਤ ਸੜਕ ਦੇ ਦੂਜੇ ਪਾਸੇ ਨਵੀਆਂ ਨਾਲੀਆਂ ਦਾ ਨਿਰਮਾਣ ਕਰਵਾਇਆ ਗਿਆ ਸੀ | ਇਸੇ ਦੌਰਾਨ ਇਕ ਘਰ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਸ਼ੁਰੂ ਹੋ ਗਈ | ਸਰਪੰਚ ਅਨੁਸਾਰ ਸਬੰਧਿਤ ਪਰਿਵਾਰ ਨੂੰ ਪਾਣੀ ਦੀ ਨਿਕਾਸੀ ਲਈ ਸੜਕ ਦੇ ਹੇਠਾਂ ਪਾਈਪ ਪਾ ਕੇ ਦੂਜੇ ਪਾਸੇ ਬਣੀ ਮੁੱਖ ਨਾਲੀ ਨਾਲ ਜੋੜਨ ਦੀ ਸਲਾਹ ਦਿੱਤੀ ਗਈ ਸੀ, ਪਰ ਉਹ ਗਲੀ ਵਿਚ ਹੀ ਖ਼ਾਲੀ ਬਣਾ ਕੇ ਪਾਣੀ ਕੱਢਣ ਦੀ ਜ਼ਿੱਦ 'ਤੇ ਅੜੇ ਹੋਏ ਸਨ | ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਮਤਭੇਦ ਵਧ ਗਏ | ਇਹ ਮਾਮਲਾ ਪਹਿਲਾਂ ਥਾਣੇ ਵੀ ਪਹੁੰਚਿਆ ਸੀ, ਜਿੱਥੇ ਆਪਸੀ ਸਹਿਮਤੀ ਅਤੇ ਹੱਲ ਲਈ ਦੋ ਦਿਨਾਂ ਦਾ ਸਮਾਂ ਲਿਆ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਜਦੋਂ ਖ਼ਾਲੀ ਦੀ ਖ਼ੁਦਾਈ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਰਹਿਣ ਵਾਲੇ ਪਰਿਵਾਰ ਨੇ ਇਸ ਦਾ ਤਿੱਖਾ ਵਿਰੋਧ ਕੀਤਾ | ਦੇਖਦੇ ਹੀ ਦੇਖਦੇ ਮਾਮਲਾ ਗਾਲ਼ੀ-ਗਲੋਚ ਤੋਂ ਹੁੰਦਾ ਹੋਇਆ ਹੱਥੋਪਾਈ ਅਤੇ ਲਾਠੀਆਂ-ਡੰਡਿਆਂ ਤੱਕ ਪਹੁੰਚ ਗਿਆ | ਇਸ ਲੜਾਈ ਵਿਚ ਦੋਵਾਂ ਧਿਰਾਂ ਦੇ ਪੰਜ ਵਿਅਕਤੀ ਜ਼ਖਮੀ ਹੋਏ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |