31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਦੇ ਮਸਲਿਆਂ ਦੇ ਹੱਲ ਲਈ ਆਰਥਿਕ ਤਰੱਕੀ ਜ਼ਰੂਰੀ-ਅਜੇ ਪਾਲ ਸਿੰਘ ਬਰਾੜ

Ad Position 21
No active advertisement
ਸਟੇਜ 'ਤੇ ਬੈਠੇ ਅਜੇਪਾਲ ਸਿੰਘ ਬਰਾੜ ਪ੍ਰਧਾਨ ਮਿਸਲ ਸਤਲੁਜ, ਉਹਨਾਂ ਦੇ ਨਾਲ ਜਨਰਲ ਸਕੱਤਰ ਅਤੇ ਹਲਕਾ ਜ਼ੀਰਾ ਦੇ ਇੰਚਾਰਜ ਦਵਿੰਦਰ ਸਿੰਘ ਸੇਖੋਂ ਅਤੇ ਹੋਰ | ਤਸਵੀਰ-ਰਜਨੀਸ਼ ਕਥੂਰੀਆ <br/> 10-06-2026
ਜ਼ੀਰਾ, 9 ਜੂਨ (ਰਜਨੀਸ਼ ਕਥੂਰੀਆ, ਪ੍ਰਤਾਪ ਸਿੰਘ ਹੀਰਾ)-ਪੰਜਾਬ ਅੱਜ ਕਈ ਅਹਿਮ ਮਸਲਿਆਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵਿਚ ਵਿਸ਼ੇਸ਼ ਕਰਕੇ ਬੇਰੁਜ਼ਗਾਰੀ, ਕਿਸਾਨੀ ਸੰਕਟ, ਉਦਯੋਗਿਕ ਪਛੜਾਪਣ, ਨਸ਼ਿਆਂ ਦਾ ਫਲਾਅ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਜਿਹੇ ਅਹਿਮ ਮਸਲਿਆਂ ਦੇ ਹੱਲ ਲਈ ਪੰਜਾਬ ਦੀ ਆਰਥਿਕ ਤਰੱਕੀ ਬਹੁਤ ਜ਼ਰੂਰੀ ਹੈ | ਇਹ ਵਿਚਾਰ ਅਜੇਪਾਲ ਸਿੰਘ ਬਰਾੜ ਪ੍ਰਧਾਨ ਮਿਸਲ ਸਤਲੁਜ ਜਥੇਬੰਦੀ ਵਲੋਂ ਅੱਜ ਇੱਥੇ ਚੜ੍ਹਦੀ ਕਲਾ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਖ਼ੁਸ਼ਹਾਲੀ ਦਾ ਆਧਾਰ ਉਸ ਦੀ ਆਰਥਿਕ ਤਰੱਕੀ ਹੁੰਦੀ ਹੈ | ਉਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਨਿਵੇਸ਼, ਉਦਯੋਗ, ਖੇਤੀ ਆਧਾਰਿਤ ਪ੍ਰੋਸੈਸਿੰਗ ਇਕਾਈਆਂ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ ਤਾਂ ਨਾ ਸਿਰਫ਼ ਨੌਜਵਾਨਾਂ ਨੂੰ ਆਪਣੇ ਸੂਬੇ ਵਿਚ ਹੀ ਭਵਿੱਖ ਨਜ਼ਰ ਆਵੇਗਾ ਸਗੋਂ ਸੂਬੇ ਵਿਚ ਤਰੱਕੀ ਅਤੇ ਖ਼ੁਸ਼ਹਾਲੀ ਵੀ ਆਵੇਗੀ | ਪੰਜਾਬ ਦੇ ਮਾਲੀਏ ਬਾਰੇ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਲੋਂ ਪੰਜਾਬੀ ਵਾਹਨਾਂ 'ਤੇ ਲਗਾਇਆ ਜਾ ਰਿਹਾ ਐਂਟਰੀ ਟੈਕਸ ਗੈਰ-ਵਾਜਬ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਆਰਥਿਕ ਹਿਤਾਂ ਦੀ ਰੱਖਿਆ ਲਈ ਲੋੜੀਂਦੀ ਨੀਤੀ ਬਣਾਉਣੀ ਚਾਹੀਦੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਹਿਮਾਚਲ ਨਾਲ ਗੱਲਬਾਤ ਕਰਕੇ ਇਹ ਟੈਕਸ ਖ਼ਤਮ ਕਰਵਾਇਆ ਜਾਵੇ ਅਤੇ ਜਾਂ ਬਰਾਬਰੀ ਦੇ ਆਧਾਰ 'ਤੇ ਪੰਜਾਬ ਵਿਚ ਵੀ ਐਂਟਰੀ ਟੈਕਸ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਆਉਂਦੇ 2 ਮਹੀਨਿਆਂ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ 17 ਚੜ੍ਹਦੀ ਕਲਾ ਰੈਲੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਨੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਦੀਆਂ ਮਿਸਲ ਸਤਲੁਜ ਜਥੇਬੰਦੀ ਲਈ ਸਮਰਪਿਤ ਸੇਵਾਵਾਂ ਅਤੇ ਲੋਕਾਂ ਵਿਚ ਪ੍ਰਭਾਵਸ਼ਾਲੀ ਪ੍ਰਭਾਵ ਨੂੰ ਦੇਖਦੇ ਹੋਏ ਹਲਕਾ ਜ਼ੀਰਾ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ | ਰੈਲੀ ਵਿਚ ਹਾਜ਼ਰ ਲੋਕਾਂ ਨੇ ਇਸ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ ਅਤੇ ਦਵਿੰਦਰ ਸਿੰਘ ਸੇਖੋਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ | ਇਸ ਮੌਕੇ ਦਵਿੰਦਰ ਸਿੰਘ ਸੇਖੋਂ ਨੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਵਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਜਥੇਬੰਦੀ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਸਮਰਪਿਤ ਭਾਵਨਾ ਨਾਲ ਤਿਆਰ ਰਹਿਣਗੇ | ਰੈਲੀ ਨੂੰ ਸੰਬੋਧਨ ਕਰਦਿਆਂ ਸ. ਸੇਖੋਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਖੇਤੀਬਾੜੀ, ਪਾਣੀ, ਲੋਕਤੰਤਰ ਅਤੇ ਕਾਨੂੰਨ-ਵਿਵਸਥਾ ਦੇ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੋਈ ਠੋਸ ਉਪਰਾਲੇ ਨਹੀਂ ਕਰ ਰਹੀ |
ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਅਤੇ ਨਹਿਰੀ ਪਾਣੀ ਦੀ ਘਾਟ ਪੰਜਾਬ ਦੀ ਖੇਤੀ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ | ਇਸ ਮੌਕੇ 'ਤੇ ਹਰਜਿੰਦਰ ਸਿੰਘ ਸਹੋਤਾ, ਜਤਿੰਦਰ ਸਿੰਘ ਸਹੋਤਾ, ਜਸਵੰਤ ਕੌਰ ਅਤੇ ਤਰਸੇਮ ਸਿੰਘ ਨੇ ਮਿਸਲ ਸਤਲੁਜ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੰਗਠਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਰੈਲੀ ਵਿਚ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ, ਅਮਰਿੰਦਰ ਸਿੰਘ ਤੁੜ ਕਨਵੀਨਰ ਪੂਰਾ ਪੰਜਾਬ ਲਹਿਰ,ਰਮਨਦੀਪ ਸਿੰਘ ਬਠਿੰਡਾ, ਹਰਦੀਪ ਸਿੰਘ ਡੋਡ, ਰੁਪਿੰਦਰਜੀਤ ਸਿੰਘ ਗੋਲਡੀ, ਮਾਨ ਸਿੰਘ ਕਿੱਲੀ, ਤੇਜਿੰਦਰ ਸਿੰਘ ਕੰਗ, ਅੰਮਿ੍ਤਪਾਲ ਸਿੰਘ ਜ਼ੀਰਾ, ਜਸਨੂਰ ਸਿੰਘ ਬਰਾੜ ਅਤੇ ਗੁਰਬੀਰ ਸਿੰਘ ਬੱਬੂ ਖੋਸਾ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ, ਦੁਮਾਲਾ ਸਿਖਲਾਈ ਕੈਂਪ ਸਮਾਪਤ ਅਗਲੀ ਖ਼ਬਰ ਐਸ. ਆਈ. ਆਰ. ਤਹਿਤ 25 ਜੂਨ ਤੋਂ ਬੀ. ਐਲ. ਓ. ਘਰ-ਘਰ ਜਾ ਕੇ ਵੋਟਰਾਂ ਦੇ ਭਰਨਗੇ ਫਾਰਮ-ਜ਼ਿਲ੍ਹਾ ਚੋਣ ਅਫ਼ਸਰ
Ad Position 24