ਫ਼ਾਜ਼ਿਲਕਾ, 12 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ. ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਧਰਮਿੰਦਰ ਪਾਲ ਸਿੰਗਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਅਤੇ ਸ਼੍ਰੀਮਤੀ ਰੁਚੀ ਸਵਪਨ ਸ਼ਰਮਾ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੇ ਹੁਕਮਾਂ ਤਹਿਤ ਸਬ-ਜੇਲ੍ਹ ਫ਼ਾਜ਼ਿਲਕਾ ਵਿਖੇ ਕੈਦੀਆਂ ਲਈ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਸਿਹਤ ਵਿਭਾਗ ਫ਼ਾਜ਼ਿਲਕਾ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚਾੜ੍ਹੇ ਗਏ ਇਸ ਮੈਡੀਕਲ ਕੈਂਪ ਦੌਰਾਨ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿਚ ਡਾ.ਐਡੀਸਨ ਐਰਿਕ, ਡਾ.ਨੀਲੂ ਚੁੱਘ, ਡਾ.ਨਿਸ਼ਾਂਤ ਸੇਤੀਆ, ਡਾ.ਅਰਪਿਤ ਗੁਪਤਾ, ਡਾ.ਪਿਕਾਕਸ਼ੀ ਅਰੋੜਾ ਅਤੇ ਡਾ.ਸੌਰਭ ਨਾਰੰਗ ਸ਼ਾਮਲ ਸਨ, ਨੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ | ਮਾਹਿਰ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਵਲੋਂ ਜੇਲ੍ਹ ਦੇ ਕੈਦੀਆਂ ਦੀ ਬਲੱਡ ਪ੍ਰੈਸ਼ਰ, ਸ਼ੂਗਰ, ਟੀ.ਬੀ, ਦੰਦਾਂ, ਚਮੜੀ, ਅੱਖਾਂ, ਤਾਪਮਾਨ ਅਤੇ ਵਜ਼ਨ ਸਮੇਤ ਵੱਖ-ਵੱਖ ਬਿਮਾਰੀਆਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ | ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਕੈਦੀਆਂ ਨੂੰ ਅਗਲੇਰੀ ਜਾਂਚ ਤੇ ਢੁਕਵੇਂ ਇਲਾਜ ਲਈ ਸਰਕਾਰੀ ਹਸਪਤਾਲ ਰੈਫ਼ਰ ਕਰਨ ਸਬੰਧੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਡਾਕਟਰੀ ਟੀਮ ਵਲੋਂ ਕੈਦੀਆਂ ਨੂੰ ਸਿਹਤ ਦੀ ਦੇਖਭਾਲ, ਨਿੱਜੀ ਸਫ਼ਾਈ, ਸੰਤੁਲਿਤ ਖ਼ੁਰਾਕ, ਨਸ਼ਿਆਂ ਦੇ ਮਾਰੂ ਪ੍ਰਭਾਵਾਂ ਅਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਦੇ ਨਾਲ ਹੀ ਕੈਂਪ ਦੌਰਾਨ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਵੀ ਅਹਿਮ ਜਾਣਕਾਰੀ ਪ੍ਰਦਾਨ ਕੀਤੀ ਗਈ | ਅਥਾਰਿਟੀ ਵਲੋਂ ਦੱਸਿਆ ਗਿਆ ਕਿ ਕਿਸੇ ਵੀ ਕਿਸਮ ਦੀ ਕਾਨੂੰਨੀ ਸਲਾਹ ਜਾਂ ਸਹਾਇਤਾ ਲਈ ਟੋਲ-ਫਰੀ ਨੰਬਰ 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੇ ਦਫ਼ਤਰੀ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ |