ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ ਵਲੋਂ ਕੇਂਦਰ ਸਰਕਾਰ ਵਲੋਂ ਡਿਫੈਂਸ ਸੁਰੱਖਿਆ ਦੇ ਨਾਮ ’ਤੇ ਬਾਰਡਰ ਤੋਂ 5 ਕਿੱਲੋਮੀਟਰ ਪਿੱਛੇ 245 ਫੁੱਟ ਚੌੜਾ ਬੰਨ੍ਹ ਬਣਾਉਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਕੀਮਤ ’ਤੇ ਬਾਰਡਰ ਪੱਟੀ ਦੇ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰੀਸ਼ ਨੱਢਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਇਸ ਬੰਨ੍ਹ ਕਾਰਨ ਬਾਰਡਰ ਪੱਟੀ ਦੇ ਕਿਸਾਨ, ਜੋ ਪਹਿਲਾਂ ਹੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਹੁਣ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਾਰਡਰ ਦੇ ਇਨ੍ਹਾਂ ਪਿੰਡਾਂ ਦੇ ਕਿਸਾਨ ਲਗਾਤਾਰ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਹਨ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਤਾਰ ਤੋਂ ਪਾਰ ਹਨ, ਉਹ ਨਰਕ ਭਰਿਆ ਜੀਵਨ ਜੀਅ ਕੇ ਖੇਤੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮਨਮਰਜ਼ੀ ਦੀ ਫ਼ਸਲ ਵੀ ਬੀਜਣ ਨਹੀਂ ਦਿੱਤੀ ਜਾਂਦੀ। ਇਸ ਤੋਂ ਉੱਪਰ ਉਨ੍ਹਾਂ ਦੇ ਖੇਤਾਂ ਵਿਚ ਜਾਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਾਰਡਰ ਪੱਟੀ ਦੇ ਇਨ੍ਹਾਂ ਕਿਸਾਨਾਂ ਕੋਲ ਬਹੁਤ ਥੋੜ੍ਹੀ ਜ਼ਮੀਨ ਹੈ ਅਤੇ ਜੇਕਰ ਇਹ ਬੰਨ੍ਹ ਬਣਦਾ ਹੈ ਤਾਂ ਇਹ ਕਿਸਾਨ ਆਪਣੀ ਜ਼ਮੀਨ ਤੋਂ ਬਿਲਕੁਲ ਵਾਂਝੇ ਹੋ ਜਾਣਗੇ। ਆਉਣ ਵਾਲੇ ਸਮੇਂ ਦੌਰਾਨ ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਬਾਰਡਰ ਦੇ ਇਨ੍ਹਾਂ ਪਿੰਡਾਂ ਦੇ ਕਿਸਾਨ ਜੋ ਬੰਨ੍ਹ ਦੀ ਮਾਰ ਹੇਠ ਆਉਣਗੇ, ਉਨ੍ਹਾਂ ਦੇ ਖੇਤਾਂ ਦੇ ਨਾਲ-ਨਾਲ ਘਰਾਂ ਦੀ ਵੀ ਤਬਾਹੀ ਹੋਣੀ ਤੈਅ ਹੈ। ਪਹਿਲਾਂ ਹੜ੍ਹਾਂ ਦਾ ਪਾਣੀ ਆਮ ਪਾਸੇ ਦੇ ਇਲਾਕਿਆਂ ਵਿਚ ਫੈਲਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਤਾਂ ਬਰਬਾਦ ਹੁੰਦੀਆਂ ਸਨ, ਪਰ ਉੱਥੋਂ ਦੇ ਇਲਾਕਿਆਂ ਵਾਲੇ ਘਰ ਬਚ ਜਾਂਦੇ ਸਨ। ਕਿਸਾਨ ਆਗੂ ਨੇ ਚਿੰਤਾ ਪ੍ਰਗਟਾਈ ਕਿ ਇਸ ਬੰਨ੍ਹ ਦੇ ਬਣਨ ਨਾਲ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਬੰਨ੍ਹ ਦੇ ਹੇਠਾਂ ਆਉਣ ਨਾਲ ਪਹਿਲਾਂ ਹੀ ਖੇਤੀ ਖ਼ਤਮ ਹੋ ਜਾਵੇਗੀ, ਉੱਥੇ ਹੀ ਕਿਸਾਨਾਂ ਨੂੰ ਪ੍ਰਦੂਸ਼ਿਤ ਪਾਣੀ ਦੀ ਮਾਰ ਵੀ ਝੱਲਣੀ ਪਵੇਗੀ ਕਿਉਂਕਿ ਜੋ ਡਰੇਨ ਬਣਾਈ ਜਾ ਰਹੀ ਹੈ, ਉਸ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬੰਨ੍ਹ ਨੂੰ ਬਣਾਉਣ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਦਿੱਲੀ ਅੰਦੋਲਨ ਦੀ ਤਰ੍ਹਾਂ ਬਾਰਡਰ ਪੱਟੀ ਦੇ ਕਿਸਾਨ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।