ਲੁਟੇਰਾ ਵਰਗ ਸ਼ਰੇਆਮ ਬਾਜ਼ਾਰਾਂ ਅੰਦਰ ਕਾਪੇ ਲਹਿਰਾਉਂਦੇ ਦੇ ਰਹੇ ਹਨ ਘਟਨਾਵਾਂ ਨੂੰ ਅੰਜਾਮ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਅਤਿ ਨਾਜ਼ੁਕ ਬਣੀ ਹੋਈ ਹੈ, ਜ਼ਿਲ੍ਹੇ ਦਾ ਹਰ ਨਾਗਰਿਕ ਡਰ ਦੇ ਮਾਹੌਲ ਵਿਚ ਜੀਆਂ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਸੀ ਜਦ ਮੋਬਾਈਲ, ਪਰਸ ਝਪਟਣ ਜਾ ਦੋ ਪਹੀਆ ਵਾਹਨ ਚੋਰੀ ਹੋਣ ਦੀਆ ਖ਼ਬਰਾਂ ਪ੍ਰਕਾਸ਼ਿਤ ਨਹੀਂ ਸਨ ਹੁੰਦੀਆਂ। ਪੀੜਤ ਅਤੇ ਆਮ ਨਾਗਰਿਕ ਇਨ੍ਹਾਂ ਨੂੰ ਰੋਕਣ ਲਈ ਸਰਕਾਰਾਂ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਅਪੀਲਾਂ ਕਰ ਚੁੱਕਿਆ ਹੈ। ਇੱਥੇ ਤੱਕ ਵਧਦੇ ਮਾੜੇ ਹਾਲਾਤਾਂ ਨੂੰ ਦੇਖਦਿਆਂ ਸਿਆਸੀ ਪਾਰਟੀਆਂ, ਵਪਾਰ ਮੰਡਲਾਂ ਅਤੇ ਹੋਰ ਸੰਸਥਾਵਾਂ ਰੋਸ ਵਜੋਂ ਧਰਨੇ ਦੇ ਚੁੱਕੇ ਹਨ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਇਨ੍ਹਾਂ ਘਟਨਾਵਾਂ ’ਤੇ ਰੋਕਥਾਮ ਤਾਂ ਕੀ ਲੱਗਣੀ ਸੀ, ਪਰ ਜੁਰਮ ਕਰਨ ਦੇ ਤਰੀਕੇ ਵਿਚ ਜਿੱਥੇ ਫ਼ਰਕ ਪੈਂਦਾ ਗਿਆ ਉੱਥੇ ਹੀ ਜੁਰਮਾਂ ਵਿਚ ਵਾਧਾ ਹੁੰਦਾ ਗਿਆ। ਸ਼ਰੇਆਮ ਦੋ ਪਹੀਆ ਵਾਹਨਾਂ ’ਤੇ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਬਾਅਦ ਗੁੰਡਾ ਅਨਸਰ ਸ਼ਰੇਆਮ ਕਾਪੇ ਹਵਾ ਵਿਚ ਲਹਿਰਾਉਂਦੇ ਸੜਕਾਂ ’ਤੇ ਹਰਲ-ਹਰਲ ਕਰਦੇ ਫਿਰਦੇ ਹਨ। ਜਿਸ ਦਾ ਮੁੱਖ ਕਾਰਨ ਇਨ੍ਹਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਲੋਕ ਦੱਸਦੇ ਹਨ ਕਿ ਜਿਸ ਗਲੀ ਮੁਹੱਲੇ ਅੰਦਰ ਕੋਈ ਚੋਰ ਜਾ ਲੁਟੇਰਾ ਪਕੜਿਆ ਜਾਂਦਾ ਹੈ ਤਾਂ ਜਿਹੜੇ ਲੋਕ ਉਸ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰਦੇ ਹਨ ਜਾ ਛਿਤਰੌਲ ਫੇਰਦੇ ਹਨ ਉਨ੍ਹਾਂ ਨੂੰ ਬਾਅਦ ਵਿਚ ਕਈ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹਨ। ਜਿਸ ਤਰ੍ਹਾਂ ਦੋ ਦਿਨ ਪਹਿਲਾਂ ਰਾਤ 10 ਵਜੇ ਦੇ ਕਰੀਬ ਮੁੱਖ ਬੱਸ ਸਟੈਂਡ ਦੇ ਸਾਹਮਣੇ ਇਕ ਵਿਅਕਤੀ ਸ਼ਰਾਬ ਦੇ ਠੇਕੇ ਤੋਂ ਬੀਅਰ ਦੀ ਬੋਤਲ ਲੈਣ ਗਿਆ ਤਾਂ ਇਤਨੇ ਵਿਚ ਹੀ ਠੇਕੇ ਦੇ ਬਾਹਰ ਖੜੀ ਕਾਰ ਨੂੰ ਇਕ ਨਕਾਬਪੋਸ਼ ਲੁਟੇਰਾ ਚੋਰੀ ਕਰਕੇ ਲੈ ਗਿਆ। ਕੋਈ ਸਮਾਂ ਸੀ ਕਿ ਜਦ ਫ਼ਾਜ਼ਿਲਕਾ ਦੇ ਮਲੋਟ ਚੌਂਕ ’ਤੇ ਸਾਲ ਦੇ 365 ਦਿਨਾਂ ਅੰਦਰ 365 ਦਿਨ ਦਾ ਹੀ 24 ਘੰਟੇ ਨਾਕਾ ਹੁੰਦਾ ਸੀ। ਸ਼ਹਿਰ ਤੋਂ ਕਾਰਵਾਈ ਕਰਕੇ ਭੱਜਣ ਵਾਲਾ ਇਸ ਚੌਂਕ ’ਤੇ ਅੜਿੱਕੇ ਆ ਜਾਂਦਾ ਸੀ। ਪਰ ਹੁਣ ਤਾਂ ਰਾਤ ਨੂੰ ਸੜਕਾਂ ’ਤੇ ਪੁਲਿਸ ਦਾ ਪਹਿਰਾ ਦੇਖਣਾ ਇਕ ਸੁਪਨਾ ਬਣ ਚੁੱਕਿਆ ਹੈ। ਸੇਵਾਮੁਕਤ ਅਧਿਆਪਕ ਅਜੀਤ ਸਿੰਘ ਜੋ ਕਿ ਸ਼ਾਮ 8 ਵਜੇ ਦੋ ਪਹੀਆ ਵਾਹਨ ’ਤੇ ਆਪਣੇ ਘਰ ਆ ਰਿਹਾ ਸੀ ਤਾਂ ਪੁਰਾਣੀ ਕਚਹਿਰੀਆਂ ਦੀ ਰੋਡ ’ਤੇ ਪਾਕਪਟਨੀਆਂ ਦੀ ਦੁਕਾਨ ਦੇ ਸਾਹਮਣੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੀ ਬਾਂਹ ’ਤੇ ਕਾਪਾ ਮਾਰ ਕੇ ਜਿੱਥੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਉੱਥੇ ਹੀ ਕਾਪੇ ਨਾਲ ਕੁੜਤੇ ਦੀ ਜੇਬ ਪਾੜ ਕੇ ਪਰਸ ਲੈ ਕੇ ਫ਼ਰਾਰ ਹੋ ਗਏ। ਜਦ ਇਸ ਗੱਲ ਦਾ ਰੌਲਾ ਪਿਆ ਤਾਂ ਉਨ੍ਹਾਂ ਨੇ ਕਾਪੇ ਹਵਾ ਵਿਚ ਲਹਿਰਾਉਂਦਿਆਂ ਧਮਕੀਆਂ ਦਿੰਦੇ ਥਾਣਾ ਸਿਟੀ ਨੂੰ ਜਾਂਦੀ ਸੜਕ ’ਤੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਦੁਕਾਨਾਂ ਦੇ ਬਾਹਰ ਲੱਗਿਆ ਕੀਮਤੀ ਬਿਜਲੀ ਸਮਾਨ ਵੀ ਚੁੱਕਣ ਦੀਆਂ ਆਮ ਘਟਨਾਵਾਂ ਵਾਪਰ ਰਹੀਆਂ ਹਨ। ਇਸ ਤੋਂ ਇਲਾਵਾ ਨੈੱਟ ਬੈਂਕਿੰਗ ਰਾਹੀਂ ਫ਼ਰਜ਼ੀ ਅਦਾਇਗੀ ਦੇ ਨਾਮ ’ਤੇ ਵੀ ਵਪਾਰੀਆਂ ਨਾਲ ਠੱਗੀਆਂ ਵੱਜ ਰਹੀਆਂ ਹਨ। ਨਾ ਕੋਈ ਜ਼ਿਲ੍ਹੇ ਦਾ ਸ਼ਹਿਰ ਸੁਰੱਖਿਅਤ ਹੈ ਨਾ ਹੀ ਕੋਈ ਪਿੰਡ। ਰਾਤ ਨੂੰ ਪਿੰਡਾਂ ਅੰਦਰ ਟਰਾਂਸਫ਼ਾਰਮਰ ਚੋਰੀ ਕਰਨ ਦੀਆਂ ਘਟਨਾਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਦਾ ਸਰਕਾਰ ਨੂੰ ਵੀ ਭਾਰੀ ਆਰਥਿਕ ਨੁਕਸਾਨ ਸਹਿਣਾ ਪੈ ਰਿਹਾ ਹੈ। ਦੇਰ ਸ਼ਾਮ ਜਾਂ ਤੜਕਸਾਰ ਜੀ.ਟੀ ਰੋਡਾ ’ਤੇ ਦੂਰ ਦੁਰਾਡੇ ਸ਼ਹਿਰਾਂ ਵਿਚ ਪਰਿਵਾਰਾਂ ਸਮੇਤ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਆਮ ਨਾਗਰਿਕ ਦਾ ਘਰ ਤੋਂ ਬਾਹਰ ਨਿਕਲਣਾ ਜੀਵਨ ਨੂੰ ਜੋਖ਼ਮ ਵਿਚ ਪਾਉਣਾ ਹੈ। ਜਦ ਵੀ ਆਮ ਸੱਥਾਂ ’ਤੇ, ਬੁੱਧੀਜੀਵੀ ਵਰਗ ਨਾਲ ਜਿਨ੍ਹਾਂ ਵਿਚ ਵਪਾਰੀ, ਐਡਵੋਕੇਟ, ਡਾਕਟਰ, ਅਧਿਆਪਕ ਵਰਗ ਆਦਿ ਨਾਲ ਅਮਨ ਕਾਨੂੰਨ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਸਭ ਦਾ ਇਕੋ ਕਹਿਣਾ ਹੈ ਕਿ ਨਸ਼ਿਆਂ ਦਾ ਆਮ ਵਿਕਣਾ ਇਸ ਦਾ ਮੁੱਖ ਕਾਰਨ ਹੈ। ਨਸ਼ੇ ਦੀ ਪੂਰਤੀ ਲਈ ਨਸ਼ਾਖ਼ੋਰ ਮੰਦਿਰਾ, ਗੁਰਦੁਆਰਿਆਂ, ਸ਼ਮਸ਼ਾਨ ਘਾਟਾਂ ਵਿਚੋਂ ਵੀ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਨਸ਼ੇ ਦੀ ਸਪਲਾਈ ਸ਼ਹਿਰਾਂ ਅਤੇ ਪਿੰਡਾਂ ਵਿਚ ਪਹੁੰਚ ਬਣਾ ਕੇ ਕੀਤੀ ਜਾ ਰਹੀ ਹੈ। ਭਾਵੇਂ ਪੁਲਿਸ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਿਆਂ ਦੇ ਖ਼ਾਤਮੇ ਲਈ ਰੈਲੀਆਂ ਕਰ ਰਿਹਾ ਹੈ ਅਤੇ ਸੈਮੀਨਾਰ ਲਗਾ ਰਿਹਾ ਹੈ, ਪਰ ਇਹ ਨਸ਼ਾ ਰੁਕਣ ਦਾ ਕੋਈ ਤਰੀਕਾ ਨਹੀਂ ਹੈ। ਮਾੜੇ ਅਨਸਰ ਗੈਗਸਟਰਾਂ ਦੇ ਗਰੁੱਪਾਂ ਦੇ ਨਾਂਅ ਲੈ ਕੇ ਸ਼ਰੇਆਮ ਲੋਕਾਂ ਨੂੰ ਧਮਕਾਉਂਦੇ ਹਨ। ਲੋਕਾਂ ਵਿਚ ਇਸ ਗੱਲ ਦੀ ਭਾਰੀ ਚਿੰਤਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਲਾਲਸਾ ਸਿਰਫ਼ ਸੱਥਾਂ ਹਥਿਆਉਣ ਤੱਕ ਰਹਿ ਗਈ ਹੈ। ਆਪਸੀ ਨਿੱਜੀ ਭੰਡਣ ਅਤੇ ਦੂਸ਼ਣਬਾਜ਼ੀ ਤੋਂ ਬਿਨਾਂ ਆਮ ਨਾਗਰਿਕ ਦੀ ਸੁਰੱਖਿਆ ਲਈ ਸਭ ਚੁੱਪ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਵਪਾਰਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਜੁਰਮ ’ਤੇ ਨਸ਼ਾ ਖੋਰੀ ਰੋਕਣ ਲਈ ਆਮ ਲੋਕਾਂ ਦੀ ਸਲਾਹ ਨਾਲ ਜਿੱਥੇ ਨਸ਼ਿਆਂ ਦੇ ਵਪਾਰਿਕ ਕੇਂਦਰ ਹਨ, ਉਨ੍ਹਾਂ ਮੁਹੱਲਿਆਂ ਅੰਦਰ ਪੱਕੇ ਨਾਕੇ ਦਿਨ-ਰਾਤ ਦੇ ਲਗਾਏ ਜਾਣ। ਨਸ਼ਾਖ਼ੋਰਾਂ ਨਾਲ ਰਲੇ ਹੋਏ ਭਾਵੇਂ ਆਮ ਲੋਕ ਹੋਣ ਜਾ ਹੇਠਲੇ ਪੱਧਰ ’ਤੇ ਪੁਲਿਸ ਤੇ ਸਰਕਾਰੀ ਮੁਲਾਜ਼ਮ ਹੋਵੇ, ਨੂੰ ਕਿਸੇ ਤਰ੍ਹਾਂ ਬਖ਼ਸ਼ਿਆ ਨਾ ਜਾਵੇ ।
ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਅਤਿ ਨਾਜ਼ੁਕ ਹੋਣ ਕਾਰਨ ਆਮ ਨਾਗਰਿਕਾਂ ਅੰਦਰ ਬਣਿਆ ਡਰ ਦਾ ਮਾਹੌਲ
ਅਜੀਤ ਡੈਸਕ
22-06-2026