ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਨੀਟ ਦੀ ਹੋਈ ਪ੍ਰੀਖਿਆ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਈ। ਫ਼ਾਜ਼ਿਲਕਾ ਅੰਦਰ ਪ੍ਰਸ਼ਾਸਨ ਵਲੋਂ ਤਿੰਨ ਨੀਟ ਦੀ ਪ੍ਰੀਖਿਆ ਦੇ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿਚ ਕੇਂਦਰੀ ਵਿਦਿਆਲਿਆ ਰਾਮਪੁਰਾ, ਗੌਰਮਿੰਟ ਐਮ.ਆਰ.ਕਾਲਜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮੀਨੈਂਸ ਲੜਕੇ ਸ਼ਾਮਿਲ ਹਨ। ਪ੍ਰਸ਼ਾਸਨ ਵਲੋਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਅਤੇ ਚਾਰੇ ਪਾਸੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਵਧੀਕ ਡਿਪਟੀ ਕਮਿਸ਼ਨਰ (ਜ.) ਡਾ.ਮਨਦੀਪ ਕੌਰ ਨੇ ਪ੍ਰੀਖਿਆ ਦੌਰਾਨ ਵੱਖ-ਵੱਖ ਕੇਂਦਰਾਂ ਦਾ ਦੌਰਾ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਗੈਰ ਆਦਮੀ ਪ੍ਰੀਖਿਆ ਕੇਂਦਰ ਨੇੜੇ ਨਹੀਂ ਪੁੱਜਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜਿਸ ਕੰਪਨੀ ਨੂੰ ਪ੍ਰੀਖਿਆ ਕਰਵਾਉਣ ਦਾ ਕੰਮ ਸੌਂਪਿਆ ਗਿਆ ਸੀ ਉੱਥੇ ਦੇ ਪ੍ਰੀਖਿਆ ਕੇਂਦਰਾਂ ਵਲੋਂ ਉਨ੍ਹਾਂ ਨੂੰ ਸਟਾਫ਼ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ ਨੋਡਲ ਅਫ਼ਸਰ ਲਗਾਏ ਗਏ ਸਨ। ਪੂਰੇ ਸਾਢੇ 11 ਵਜੇ ਪ੍ਰੀਖਿਆ ਕੇਂਦਰ ਦਾ ਦਾਖ਼ਲਾ ਖੋਲ੍ਹ ਦਿੱਤਾ ਗਿਆ ਸੀ। ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡੇਢ ਵਜੇ ਪੂਰਨ ਬੰਦ ਕਰ ਦਿੱਤਾ ਗਿਆ ਸੀ। ਪ੍ਰੀਖਿਆ ਕੇਂਦਰ ਦੇ ਅੰਦਰ ਅਤੇ ਚੌਕਸੀ ਵਰਤਣ ਲਈ ਚਾਰੇ ਪਾਸੇ ਸੀ.ਸੀ.ਟੀ.ਵੀ.ਕੈਮਰੇ ਲੱਗੇ ਹੋਏ ਸਨ। ਏ.ਡੀ.ਸੀ.ਡਾ.ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ 923 ਪ੍ਰੀਖਿਆਰਥੀਆਂ ਦੇ ਪ੍ਰੀਖਿਆ ਦੇਣ ਦੀ ਸੂਚੀ ਮਿਲੀ ਸੀ ਜਿਨ੍ਹਾਂ ਵਿਚੋਂ 816 ਵਿਦਿਆਰਥੀ ਇਸ ਮੁਕਾਬਲੇ ਦੀ ਪ੍ਰੀਖਿਆ ਵਿਚ ਪੁੱਜੇ ਅਤੇ 107 ਵਿਦਿਆਰਥੀ ਗੈਰ ਹਾਜ਼ਰ ਰਹੇ। ਡੀ.ਐੱਸ.ਪੀ.ਫ਼ਾਜ਼ਿਲਕਾ ਬਲਵਿੰਦਰ ਸਿੰਘ ਰੰਧਾਵਾ ਜੋ ਕਿ ਸਕੂਲ ਆਫ਼ ਐਮੀਨੈਂਸ ਵਿਖੇ ਪੂਰੀ ਜਾਂਚ ਕਰ ਰਹੇ ਸਨ, ਨੇ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਪੂਰੀ ਤਰ੍ਹਾਂ ਪੁਲਿਸ ਤਾਇਨਾਤ ਕੀਤੀ ਗਈ ਹੈ। ਅਮਲੇ ਅਤੇ ਵਿਦਿਆਰਥੀਆਂ ਤੋਂ ਬਿਨਾਂ ਕੋਈ ਵੀ ਵਿਅਕਤੀ ਪ੍ਰੀਖਿਆ ਕੇਂਦਰ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ ਅਤੇ ਵਿਦਿਆਰਥੀ ਪੂਰੀ ਸ਼ਾਂਤੀ ਨਾਲ ਸਵਾ 3 ਘੰਟੇ ਪ੍ਰੀਖਿਆ ਵਿਚ ਬੈਠੇ। ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਜਲਾਲਾਬਾਦ ਦੇ ਵਸਨੀਕ ਦੋ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਸੀ। ਪਿਛਲੀ ਵਾਰੀ ਦੇ ਮੁਕਾਬਲੇ ਇਸ ਵਾਰ ਪ੍ਰਸ਼ਨ ਲੰਬੇ ਪਾਏ ਗਏ ਸਨ। ਬਾਕੀ ਦੇ ਪ੍ਰਸ਼ਨ ਪਿਛਲੀ ਪ੍ਰੀਖਿਆ ਤਰ੍ਹਾਂ ਹੀ ਸਨ। ਇਸ ਲਈ ਪ੍ਰੀਖਿਆ ਕੇਂਦਰਾਂ ਵਿਚੋਂ ਬਾਹਰ ਆਉਣ ਵਾਲੇ ਵਿਦਿਆਰਥੀ ਜ਼ਿਆਦਾਤਰ ਖ਼ੁਸ਼ ਨਜ਼ਰ ਆ ਰਹੇ ਸਨ।
ਫ਼ਾਜ਼ਿਲਕਾ ਜ਼ਿਲ੍ਹੇ ’ਚ ਨੀਟ ਦੀ ਪ੍ਰੀਖਿਆ ਅਮਨ ਸ਼ਾਂਤੀ ਨਾਲ ਹੋਈ ਸੰਪੰਨ
ਅਜੀਤ ਡੈਸਕ
22-06-2026