ਜਲਾਲਾਬਾਦ,24 ਜੂਨ(ਜਤਿੰਦਰ ਪਾਲ ਸਿੰਘ, ਕਰਨ ਚੂਚਰਾ)-ਨਗਰ ਕੌਂਸਲ ਜਲਾਲਾਬਾਦ ਦੀਆਂ 5 ਜੁਲਾਈ 2026 ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਤੀਜੇ ਦਿਨ ਕੁੱਲ 21 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਜਿਸ ਅਨੁਸਾਰ 15 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਅਤੇ 6 ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਨਾਮਜ਼ਦਗੀ ਪੱਤਰਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲ਼ੋਂ 2 ਨਾਮਜ਼ਦਗੀ ਪੱਤਰ ਜਿਸ ਅਨੁਸਾਰ ਵਾਰਡ ਨੰਬਰ 7 ਤੋਂ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਵਾਰਡ ਨੰਬਰ 17 ਤੋਂ ਰੋਹਿਤ ਕੁਮਾਰ ਪੁੱਤਰ ਦੇਸ਼ ਰਾਜ ਵਲ਼ੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਨੂੰ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ 25 ਜੂਨ ਅੰਤਿਮ ਮਿਤੀ ਹੈ । 26 ਜੂਨ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 27 ਜੂਨ 2026 ਨੂੰ ਉਮੀਦਵਾਰ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। 5 ਜੁਲਾਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 17 ਵਾਰਡਾਂ ਵਿਚ 33 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਜਲਾਲਾਬਾਦ ਦੇ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਚੋਣ ਅਫ਼ਸਰ ਕਮ ਐੱਸ.ਡੀ.ਐੱਮ. ਨੇ ਸਪਸ਼ਟ ਕੀਤਾ ਕਿ ਨਾਮਜ਼ਦਗੀ ਪ੍ਰਕਿਰਿਆ ਚੋਣ ਕਮਿਸ਼ਨ ਦੇ ਮਾਪਦੰਡਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਚਲਾਈ ਜਾ ਰਹੀ ਹੈ। ਅੱਜ ਦੇ 21 ਨਾਮਜ਼ਦਗੀਆਂ ਵਿਚ 6 ਆਜ਼ਾਦ ਉਮੀਦਵਾਰ ਵੀ ਸ਼ਾਮਲ ਸਨ। ਪ੍ਰਸ਼ਾਸਨ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ, ਜਦਕਿ ਆਉਣ ਵਾਲੇ ਦਿਨਾਂ ਵਿਚ ਮੁੱਖ ਪਾਰਟੀਆਂ ਦੇ ਨਾਮਜ਼ਦਗੀਆਂ ਦਾਖਲ ਕਰਨ ਨਾਲ ਚੋਣ ਮੁਕਾਬਲਾ ਹੋਰ ਵੀ ਭਖਣ ਦੀ ਸੰਭਾਵਨਾ ਹੈ ।