ਅਬੋਹਰ, 25 ਜੂਨ (ਸੁਖਜੀਤ ਸਿੰਘ ਬਰਾੜ)- ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਮੀਤ ਸਿੰਘ ਦੀ ਦੇਖ-ਰੇਖ ਹੇਠ ਡੇਂਗੂ ਰੋਕਥਾਮ ਮੁਹਿੰਮ ਤਹਿਤ ਅਬੋਹਰ ਵਿਖੇ ਲਗਾਤਾਰ ਐਂਟੀ ਡੇਂਗੂ ਲਾਰਵਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਡਾ.ਸੁਮੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਹਤ ਕਰਮੀਆਂ ਅਤੇ ਬਰੀਡਿੰਗ ਚੈੱਕਰ ਦੀਆਂ ਟੀਮਾਂ ਵਲੋਂ ਵੱਖ-ਵੱਖ ਇਲਾਕਿਆਂ ’ਚ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਰਵਾ ਮਿਲਣ ਤੇ ਮੌਕੇ ’ਤੇ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਨਵੀਂ ਆਬਾਦੀ ਇਲਾਕੇ ਵਿਚ ਟੀਮਾਂ ਵਲੋਂ ਵਿਜ਼ਟ ਕੀਤੀ ਗਈ, ਜਿੱਥੇ ਐਂਟੀ ਲਾਰਵਾ ਗਤੀਵਿਧੀਆਂ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਸਿਹਤ ਕਰਮੀਆਂ ਨੇ ਦੱਸਿਆ ਕਿ ਡੇਂਗੂ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਮਲਟੀ ਪਰਪਜ਼ ਹੈਲਥ ਵਰਕਰ ਅਮਨਦੀਪ ਸਿੰਘ, ਪਰਮਜੀਤ ਸਿੰਘ ਅਤੇ ਬਰੀਡਿੰਗ ਚੈੱਕਰ ਮੌਜੂਦ ਸਨ।