ਅਬੋਹਰ, 25 ਜੂਨ (ਵਿਵੇਕ ਹੂੜੀਆ)-ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਲੋਂ ‘ਕਮਿਊਨੀਕੇਸ਼ਨ ਸਕਿੱਲਜ਼ ਐਂਡ ਅਪਲਾਈਡ ਲਿੰਗਵਿਸਟਿਕਸ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਆਧੁਨਿਕ ਯੁੱਗ ਵਿਚ ਭਾਸ਼ਾ ਦੇ ਵਿਗਿਆਨਕ ਮਹੱਤਵ ਅਤੇ ਪ੍ਰਭਾਵਸ਼ਾਲੀ ਗੱਲਬਾਤ ਦੇ ਤਰੀਕਿਆਂ ਨੂੰ ਸਮਝਣਾ ਸੀ। ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਭਾਸ਼ਾ ਵਿਗਿਆਨ ਦੇ ਉੱਘੇ ਮਾਹਿਰ ਪ੍ਰੋਫ਼ੈਸਰ ਗੁਰਉਪਦੇਸ਼ ਸਿੰਘ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਦੌਰਾਨ ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਅਭਿਸ਼ੇਕ ਕਾਲਜ ਦੀ ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ ਅਤੇ ਡਾਇਰੈਕਟਰ ਰਮਣੀਕ ਮਿੱਢਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਰਕਸ਼ਾਪ ਦੌਰਾਨ ਮਾਹਿਰਾਂ ਵਲੋਂ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਲੇ ਕਈ ਮਹੱਤਵਪੂਰਨ ਬਿੰਦੂਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਪ੍ਰੋਗਰਾਮ ਵਿਚ ‘ਕੋਹੀਜ਼ਨ’ ਅਤੇ ‘ਕੋਹੇਰੈਂਸ’ ਵਰਗੇ ਵਿਸ਼ਿਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਕਿਸੇ ਵੀ ਗੱਲਬਾਤ ਜਾਂ ਲੇਖਣੀ ਨੂੰ ਸਪਸ਼ਟ ਅਤੇ ਸਮਝਣ ਯੋਗ ਬਣਾਉਂਦੇ ਹਨ। ਮੁੱਖ ਬੁਲਾਰੇ ਪ੍ਰੋਫ਼ੈਸਰ ਗੁਰਉਪਦੇਸ਼ ਸਿੰਘ ਨੇ ਬਹੁਤ ਹੀ ਸਰਲ ਅਤੇ ਰੋਜ਼ਾਨਾ ਜ਼ਿੰਦਗੀ ਦੀਆਂ ਉਦਾਹਰਨਾਂ ਰਾਹੀਂ ਸਮਝਾਇਆ ਕਿ ਕਿਵੇਂ ਅਸੀਂ ਆਪਣੀ ਆਮ ਬੋਲਚਾਲ ਦੀ ਭਾਸ਼ਾ ਵਿਚ ਸੁਧਾਰ ਕਰਕੇ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰ ਸਕਦੇ ਹਾਂ।