ਫਾਜ਼ਿਲਕਾ, 25 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ, ਟੀਕੇ ਅਤੇ ਡਰੱਗ ਮਨੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਸਵਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਦੇ ਪਿਛਲੇ ਪਾਸੇ ਪੁੱਜੀ ਤਾਂ 2 ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ। ਪੁਲਿਸ ਪਾਰਟੀ ਨੂੰ ਦੇਖ ਕੇ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਫੜੀਆਂ ਵਸਤੂਆਂ ਸੁੱਟ ਦਿੱਤੀਆਂ ਅਤੇ ਖਿਸਕਣ ਲੱਗੇ। ਪੁਲਿਸ ਵਲੋਂ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਪਛਾਣ ਹਰਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 5 ਬਸੰਤ ਨਗਰ ਅਬੋਹਰ ਅਤੇ ਸੰਦੀਪ ਸਿੰਘ ਉਰਫ਼ ਦੀਪਨ ਪੁੱਤਰ ਜਰਨੈਲ ਸਿੰਘ ਵਾਸੀ ਗਲੀ ਨੰਬਰ 2 ਬਸੰਤ ਨਗਰ ਅਬੋਹਰ ਵਜੋਂ ਹੋਈ। ਸੁੱਟੀਆਂ ਗਈਆਂ ਵਸਤੂਆਂ ਦੀ ਤਲਾਸ਼ੀ ਦੌਰਾਨ 50 ਨਸ਼ੀਲੀਆਂ ਗੋਲੀਆਂ, 30 ਟੀਕੇ, 12 ਸਰਿੰਜਾਂ, 100 ਖ਼ਾਲੀ ਸੂਈਆਂ ਅਤੇ 12000 ਰੁਪਏ ਡਰੱਗ ਮਨੀ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।