ਅਬੋਹਰ, 25 ਜੂਨ (ਵਿਵੇਕ ਹੂੜੀਆ)- ਨੇੜਲੇ ਪਿੰਡ ਰੂਹੜਿਆਂਵਾਲੀ ਦੇ ਰਹਿਣ ਵਾਲੇ ਇਕ 62 ਸਾਲਾ ਗੁੰਗੇ-ਬੋਲੇ ਬਜ਼ੁਰਗ ਦੀ ਲਾਸ਼ ਪਿੰਡ ਕੋਇਲ ਖੇੜਾ ਦੇ ਕੋਲ ਇਕ ਖਾਲ਼ੇ ਵਿਚੋਂ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਪਿਛਲੇ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕਢਵਾਇਆ ਅਤੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ, ਜਿੱਥੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਛਾਣ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਪਿੰਡ ਵਾਸੀਆਂ ਨੇ ਕੋਇਲ ਖੇੜਾ ਵਿਖੇ ਨਹਿਰ ਵਿਚੋਂ ਨਿਕਲਦੇ ਖਾਲ਼ੇ ਵਿਚ ਇਕ ਲਾਸ਼ ਫਸੀ ਹੋਣ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸਮਿਤੀ ਨੂੰ ਦਿੱਤੀ ਸੀ। ਸੂਚਨਾ ਮਿਲਦਿਆਂ ਹੀ ਸਮਿਤੀ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਥਾਣਾ ਬੋਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਕਰਮਚਾਰੀ ਅੰਗਰੇਜ਼ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਖਾਲ਼ੇ ਵਿਚੋਂ ਬਾਹਰ ਕਢਵਾਇਆ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਕਰਨੈਲ ਸਿੰਘ (60) ਵਾਸੀ ਪਿੰਡ ਰੂਹੜਿਆਂਵਾਲੀ ਵਜੋਂ ਹੋਈ। ਮੌਤ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦਾ ਭਤੀਜਾ ਹਸਪਤਾਲ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਗੁੰਗਾ-ਬੋਲਾ ਸੀ ਅਤੇ ਕੁੱਝ ਸਮੇਂ ਤੋਂ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿੰਦਾ ਸੀ। ਉਹ ਦੋ ਦਿਨ ਪਹਿਲਾਂ ਅਚਾਨਕ ਘਰੋਂ ਕਿਧਰੇ ਚਲਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਪਰਿਵਾਰ ਮੁਤਾਬਿਕ ਮ੍ਰਿਤਕ ਅਣਵਿਆਹਿਆ ਸੀ ਅਤੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿਚ ਸੋਕ ਦੀ ਲਹਿਰ ਦੌੜ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।