ਫਾਜ਼ਿਲਕਾ, 25 ਜੂਨ (ਦਵਿੰਦਰ ਪਾਲ ਸਿੰਘ)-ਸਾਂਝਾ ਅਧਿਆਪਕ ਮੋਰਚਾ ਦੇ ਇਕ ਵਫ਼ਦ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫਾਜ਼ਿਲਕਾ ਨਾਲ ਮੁਲਾਕਾਤ ਕੀਤੀ ਗਈ। ਇਸ ਬੈਠਕ ਦੌਰਾਨ ਵਫ਼ਦ ਨੇ ਅਧਿਆਪਕਾਂ ਅਤੇ ਸਕੂਲਾਂ ਨਾਲ ਸਬੰਧਿਤ ਕਈ ਗੰਭੀਰ ’ਤੇ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਮੰਗਾਂ ਦੇ ਹੱਲ ਲਈ ਦਬਾਅ ਪਾਇਆ। ਮੋਰਚੇ ਦੇ ਆਗੂਆਂ ਨੇ ਅਧਿਆਪਕਾਂ ਦੇ ਤਨਖ਼ਾਹ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ’ਚ ਡੀ.ਡੀ.ਓਜ, ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਵਲੋਂ ਬਕਾਇਆ ਰਾਸ਼ੀ ਕਢਵਾਉਣ ਸਬੰਧੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਕਾਰਨ ਅਧਿਆਪਕਾਂ ਨੂੰ ਅਜੇ ਤੱਕ ਪੇ-ਕਮਿਸ਼ਨ ਦੇ ਬਕਾਏ ਨਹੀਂ ਮਿਲੇ ਹਨ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਤੁਰੰਤ ਵਿਸ਼ਵਾਸ ਦਿਵਾਇਆ ਕਿ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਕੋਲੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਬਕਾਇਆ ਰਾਸ਼ੀ ਜਲਦ ਜਾਰੀ ਕਰਵਾਉਣ ਲਈ ਠੋਸ ਕਾਰਵਾਈ ਉਲੀਕੀ ਜਾਵੇਗੀ। ਵਫ਼ਦ ਨੇ ਸਕੂਲਾਂ ਦੀ ਚਾਰਦੀਵਾਰੀ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਪ੍ਰਵਾਨਿਤ ਗਰਾਂਟ ਅਤੇ ਨਬਾਰਡ ਗਰਾਂਟ ਜਲਦੀ ਜਾਰੀ ਕਰਨ ਦੀ ਮੰਗ ਵੀ ਰੱਖੀ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਰਾਜ ਪੱਧਰ ’ਤੇ ਲੋੜੀਂਦੀ ਪ੍ਰਵਾਨਗੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਦਾ ਹੱਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਸਫ਼ਾਈ ਕਰਮਚਾਰੀਆਂ ਦੀਆਂ ਤਨਖ਼ਾਹਾਂ ਨਾਲ ਸਬੰਧਿਤ ਈ.ਸੀ.ਐੱਸ.ਦੀ ਕਾਪੀ ਸਕੂਲਾਂ ਨੂੰ ਭੇਜਣ ਦੀ ਮੰਗ ਵੀ ਕੀਤੀ ਗਈ, ਜਿਸ ’ਤੇ ਡੀ.ਈ.ਓ.ਨੇ ਕਿਹਾ ਕਿ ਭਵਿੱਖ ਵਿਚ ਬੀ.ਪੀ.ਈ.ਓ.ਰਾਹੀਂ ਇਹ ਕਾਪੀਆਂ ਸਕੂਲਾਂ ਨੂੰ ਭੇਜ ਦਿੱਤੀਆਂ ਜਾਣਗੀਆਂ। ਸਾਂਝੇ ਅਧਿਆਪਕ ਮੋਰਚੇ ਵਲੋਂ ਅਧਿਆਪਕਾਂ ਤੋਂ ਗ਼ੈਰ-ਪੜ੍ਹਾਉਣ ਕਾਰਜ ਨਾ ਲੈਣ ਅਤੇ ਬੀ.ਐੱਲ.ਓ.ਡਿਊਟੀ ਨਿਭਾ ਰਹੇ ਅਧਿਆਪਕਾਂ ਦੀ ਬਦਲੀ ਸਬੰਧੀ ਮੰਗਾਂ ਵੀ ਪ੍ਰਮੁੱਖਤਾ ਨਾਲ ਰੱਖੀਆਂ ਗਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਵਿਚਾਰ ਹਿਤ ਭੇਜ ਦਿੱਤਾ ਜਾਵੇਗਾ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਵਫ਼ਦ ਨੇ ਉਮੀਦ ਜਤਾਈ ਕਿ ਵਿਭਾਗ ਅਧਿਆਪਕਾਂ ਅਤੇ ਸਕੂਲਾਂ ਨਾਲ ਸਬੰਧਿਤ ਇਨ੍ਹਾਂ ਜਾਇਜ਼ ਮੰਗਾਂ ਦਾ ਜਲਦੀ ਨਿਪਟਾਰਾ ਕਰੇਗਾ। ਇਸ ਮੌਕੇ ਵਫ਼ਦ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਰਪ੍ਰਸਤ ਭਗਵੰਤ ਭਟੇਜਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸਵਾਹ ਵਾਲਾ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸੋਰੇਵਾਲਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਗੁਰਨਾਮ ਸਿੰਘ ਤੇ ਮੇਜਰ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਨਿਸ਼ਾਂਤ ਅਗਰਵਾਲ, ਵਿੱਤ ਸਕੱਤਰ ਅਮਨਦੀਪ ਸਿੰਘ, ਵਿਨੈ ਕੁਮਾਰ, ਸੁਖਮਿੰਦਰ ਸਿੰਘ ਅਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।