ਅਬੋਹਰ, 25 ਜੂਨ (ਵਿਵੇਕ ਹੂੜੀਆ)- ਸ਼ਹਿਰ ਵਿਚ ਲਗਾਤਾਰ ਵਧ ਰਹੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਹੁਣ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਸੜਕਾਂ ਅਤੇ ਤੰਗ ਗਲੀਆਂ ਵਿਚ ਘੁੰਮ ਰਹੇ ਆਵਾਰਾ ਸਾਨ੍ਹ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ। ਤਾਜ਼ਾ ਮਾਮਲਾ ਅਬੋਹਰ ਦੇ ਨਾਨਕ ਨਗਰੀ ਖੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਖ਼ੂੰਖ਼ਾਰ ਸਾਨ੍ਹ ਦੇ ਹਮਲੇ ਵਿਚ 65 ਸਾਲਾ ਬਜ਼ੁਰਗ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਅਨੰਦ ਨਗਰੀ ਦੀ ਗਲੀ ਨੰਬਰ 7 ਵਿਚ 65 ਸਾਲਾ ਸੁਨੀਤਾ ਪਤਨੀ ਖ਼ਰੈਤੀ ਲਾਲ ਗਲੀ ਵਿਚ ਖੜ੍ਹ ਕੇ ਕਿਸੇ ਨਾਲ ਗੱਲਬਾਤ ਕਰ ਰਹੀ ਸੀ। ਇਸੇ ਦੌਰਾਨ ਗਲੀ ਵਿਚ ਪੂਜਾ ਨਾਂ ਦੀ ਮਹਿਲਾ ਆਪਣੇ 7 ਸਾਲਾ ਬੇਟੇ ਨਾਲ ਮੌਜੂਦ ਸੀ। ਪੂਜਾ ਨੇ ਸਾਹਮਣੇ ਤੋਂ ਇਕ ਸਾਂਢ ਨੂੰ ਆਉਂਦੇ ਦੇਖਿਆ ਤਾਂ ਤੁਰੰਤ ਆਪਣੇ ਬੇਟੇ ਨੂੰ ਪਾਸੇ ਕੀਤਾ ਅਤੇ ਸੁਨੀਤਾ ਨੂੰ ਵੀ ਹਟਣ ਲਈ ਆਵਾਜ਼ ਲਗਾਈ। ਪਰ ਇਸ ਤੋਂ ਪਹਿਲਾਂ ਕਿ ਉਹ ਸੰਭਲ ਪਾਉਂਦੀ, ਸਾਨ੍ਹ ਨੇ ਉਸ ’ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸਾਨ੍ਹ ਨੇ ਮਹਿਲਾ ਨੂੰ ਆਪਣੇ ਸਿੰਗਾਂ ’ਤੇ ਚੁੱਕ ਕੇ ਕਰੀਬ 3 ਫੁੱਟ ਉੱਚਾ ਉਛਾਲ ਦਿੱਤਾ, ਜਿਸ ਕਾਰਨ ਉਹ ਕੰਧ ਨਾਲ ਟਕਰਾ ਕੇ ਜ਼ਮੀਨ ’ਤੇ ਜਾ ਡਿੱਗੀ। ਹਾਦਸੇ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਭੱਜ ਕੇ ਮੁਸ਼ਕਿਲ ਨਾਲ ਸਾਂਢ ਨੂੰ ਉੱਥੋਂ ਖਦੇੜਿਆ ਅਤੇ ਜ਼ਖ਼ਮੀ ਮਹਿਲਾ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਪਹੁੰਚਾਇਆ। ਡਾਕਟਰਾਂ ਵਲੋਂ ਮਹਿਲਾ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਕੌਂਸਲਰ ਦੇ ਬੇਟੇ ਨੀਰਜ ਸਚਦੇਵਾ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਵੀ ਨਾਨਕ ਨਗਰੀ ਦੀ ਗਲੀ ਨੰਬਰ 3 ਵਿਚ ਰਹਿਣ ਵਾਲੀ ਬਿਮਲਾ ਰਾਣੀ (70) ਨੂੰ ਇੱਕ ਸਾਂਢ ਨੇ ਇਸੇ ਤਰ੍ਹਾਂ ਟੱਕਰ ਮਾਰੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਰੋਸ ਜਤਾਇਆ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਵੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਆਇਆ ਅਤੇ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਵਿਕਰਾਲ ਹੁੰਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਨਤਾ ਵਲੋਂ ਕਾਊ ਸੈੱਸ ਦੇਣ ਦੇ ਬਾਵਜੂਦ ਸਰਕਾਰਾਂ ਅਤੇ ਨਗਰ ਨਿਗਮ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਨਹੀਂ ਕੱਢ ਰਹੀਆਂ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਪਹਿਲਾਂ ਚਲਾਇਆ ਗਿਆ ‘ਪਸ਼ੂ ਪਕੜੋ ਅਭਿਆਨ’ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ। ਇਸ ਦੇ ਨਾਲ ਹੀ ਲੋਕਾਂ ਨੇ ਦੱਸਿਆ ਕਿ ਕੁੱਝ ਲੋਕ ਘਰਾਂ ਦੇ ਬਾਹਰ ਸਬਜ਼ੀਆਂ-ਫ਼ਲਾਂ ਦੇ ਛਿਲਕੇ ਅਤੇ ਬਚੀਆਂ ਰੋਟੀਆਂ ਸੁੱਟ ਦਿੰਦੇ ਹਨ, ਜਿਸ ਕਾਰਨ ਇਹ ਬੇਸਹਾਰਾ ਪਸ਼ੂ ਗਲੀਆਂ ਵਿਚ ਮੰਡਰਾਉਂਦੇ ਰਹਿੰਦੇ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਕੋਈ ਪੱਕਾ ਹੱਲ ਕੱਢ ਕੇ ਲੋਕਾਂ ਨੂੰ ਖ਼ੌਫ਼ ਦੇ ਮਾਹੌਲ ਵਿਚੋਂ ਬਾਹਰ ਕੱਢਿਆ ਜਾਵੇ।