ਅਬੋਹਰ, 25 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਯੂਥ ਕਾਂਗਰਸ ਦੀਆਂ ਚੋਣਾਂ ਵਿਚ ਸ਼ੁਭਮ ਸ਼ਰਮਾ ਦੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਜ਼ਿਲ੍ਹਾ ਅਤੇ ਹਲਕਾ ਪੱਧਰ ’ਤੇ ਵੀ ਨਵੇਂ ਯੂਥ ਪ੍ਰਧਾਨ ਜੇਤੂ ਹੋਏ ਹਨ। ਜਿਸ ਤਹਿਤ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਗੁਰਪੰਥ ਸਿੰਘ ਚਹਿਲ ਰਾਜਪੁਰਾ ਯੂਥ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਟਾਂਕ ਬਲਾਕ ਯੂਥ ਪ੍ਰਧਾਨ ਚੂਹੜੀ ਵਾਲਾ ਧੰਨਾ, ਹਰਮਨ ਸਿੰਘ ਮਾਨ ਯੂਥ ਬਲਾਕ ਪ੍ਰਧਾਨ ਵਹਾਬਵਾਲਾ ਅਤੇ ਵਿਕਾਸ ਜਾਖੜ ਯੂਥ ਬਲਾਕ ਪ੍ਰਧਾਨ ਵਰਿਆਮ ਖੇੜਾ ਜੇਤੂ ਹੋਏ ਹਨ। ਜਿਨ੍ਹਾਂ ਦਾ ਸਵਾਗਤ ਕਰਦੇ ਹੋਏ ਹਲਕਾ ਇੰਚਾਰਜ ਬੀਬੀ ਰਾਜਿੰਦਰ ਕੌਰ ਨੇ ਕਿਹਾ ਕਿ ਯੂਥ ਕਾਂਗਰਸ ਦੀ ਨਵੀਂ ਟੀਮ ਨਾਲ ਸਮੁੱਚੇ ਪੰਜਾਬ ਸਣੇ ਬੱਲੂਆਣਾ ਹਲਕੇ ਵਿਚ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਅਹਿਮ ਰੋਲ ਅਦਾ ਕਰਦੇ ਹੋਏ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਕੰਮ ਕਰੇਗੀ। ਉਨ੍ਹਾਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਥ ਕਾਂਗਰਸ ਦੀ ਟੀਮ ਨੂੰ ਹਲਕੇ ਵਿਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।