ਜਲਾਲਾਬਾਦ, 26 ਜੂਨ (ਕਰਨ ਚੁਚਰਾ)-ਜਲਾਲਾਬਾਦ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਆਖ਼ਰੀ ਦਿਨ ਸਿਆਸੀ ਸਰਗਰਮੀਆਂ ਪੂਰੇ ਸਿਖ਼ਰਾਂ ’ਤੇ ਰਹੀਆਂ। ਇਸ ਦੌਰਾਨ ਕਾਂਗਰਸ ਪਾਰਟੀ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਹਲਕੇ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ਦੀ ਜਿੱਤ ਦਾ ਪੂਰਾ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਲਾਲਾਬਾਦ ਦੇ ਵਿਕਾਸ ਲਈ ਵਚਨਬੱਧ ਹੈ। ਸਾਡੇ ਉਮੀਦਵਾਰਾਂ ਨੂੰ ਵਾਰਡ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਵਿਕਾਸ ਦੇ ਕੰਮਾਂ ਅਤੇ ਲੋਕ-ਹਿਤ ਨੀਤੀਆਂ ਦੇ ਆਧਾਰ ’ਤੇ ਅਸੀਂ ਚੋਣ ਮੈਦਾਨ ਵਿਚ ਉੱਤਰੇ ਹਾਂ ਅਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਲਾਲਾਬਾਦ ਦੇ ਵੋਟਰ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇ ਕੇ ਭਾਰੀ ਬਹੁਮਤ ਨਾਲ ਜਿਤਾਉਣਗੇ। ਆਵਲਾ ਨੇ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਬਦੌਲਤ ਹੀ ਅੱਜ ਲੋਕਾਂ ਦਾ ਕਾਂਗਰਸ ’ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਇੱਕ ਵੱਡੀ ਜਿੱਤ ਦਰਜ ਕਰੇਗੀ ਅਤੇ ਵਿਕਾਸ ਦਾ ਸਿਲਸਿਲਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ। ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ ਇੱਕ ਤੋਂ ਨਿਰਮਲਾ ਰਾਣੀ, ਦੋ ਤੋਂ ਬਲਵਿੰਦਰ ਸਿੰਘ, ਤਿੰਨ ਤੋਂ ਸੰਦੀਪ, ਚਾਰ ਤੋਂ ਅਸ਼ਵਨੀ ਸਿਡਾਣਾ,ਪੰਜ ਤੋਂ ਮਮਤਾ ਰਾਣੀ,ਛੇ ਤੋਂ ਰਾਜ ਕੁਮਾਰ ਦੂਮੜਾ,ਸੱਤ ਤੋਂ ਵਿਕਰਮਜੀਤ ਸਿੰਘ, ਅੱਠ ਤੋਂ ਪਰਮਜੀਤ ਕੌਰ, 9 ਤੋਂ ਆਂਚਲ ਰਾਣੀ, 10 ਤੋਂ ਰਜਨੀ ਬਾਲਾ, 11 ਤੋਂ ਮਨਦੀਪ, 12 ਤੋਂ ਪਰਵਿੰਦਰ ਕੁਮਾਰ,13 ਤੋਂ ਸੁਮਿਤਰਾ ਦੇਵੀ, 14 ਤੋਂ ਸੁਖਦੇਵ ਸਿੰਘ 15 ਤੋਂ ਹਰਜਿੰਦਰ ਰਾਣੀ ਬਾਵਾ, 16 ਤੋਂ ਵਿਕਾਸ ਗਗਨੇਜਾ ਅਤੇ 17 ਨੰਬਰ ਵਾਰਡ ਤੋਂ ਚਰਨਜੀਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਤੋਂ ਇਲਾਵਾ ਰਾਜ ਬਖ਼ਸ਼ ਕੰਬੋਜ ਸਮੇਤ ਹੋਰ ਕਾਂਗਰਸੀ ਆਗੂ ਮੌਜੂਦ ਸਨ।