ਅਬੋਹਰ, 27 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਨਰਸਿੰਗ ਕਾਲਜ ਵਿਚ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਲਸ ਪੋਲਿਓ ਮੁਹਿੰਮ ਸੰਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੌਰਾਨ 28, 29 ਅਤੇ 30 ਜੂਨ 2026 ਨੂੰ ਹੋਣ ਵਾਲੀ ਪਲਸ ਪੋਲਿਓ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਗਿਆ। ਇਹ ਸਿਖਲਾਈ ਪ੍ਰੋਗਰਾਮ ਸਰਕਾਰੀ ਹਸਪਤਾਲ ਅਬੋਹਰ ਦੇ ਸਹਿਯੋਗ ਨਾਲ ਸਮਾਪਤ ਹੋਇਆ। ਇਸ ਸਿਖਲਾਈ ਪ੍ਰੋਗਰਾਮ ਵਿਚ ਪੀ.ਪੀ. ਯੂਨਿਟ ਅਬੋਹਰ ਤੋਂ ਦਿਨੇਸ਼ ਰਾਣੀ, ਭਰਤ ਸੇਠੀ ਅਤੇ ਅੰਕੁਸ਼ ਧਵਨ ਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੂੰ ਪਲਸ ਪੋਲਿਓ ਮੁਹਿੰਮ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਏ।ਐਨ.ਐਮ, ਜੀ.ਐਨ.ਐਮ, ਬੀ.ਐੱਸ.ਸੀ ਨਰਸਿੰਗ ਦੇ ਵਿਦਿਆਰਥੀਆਂ ਨੂੰ ਇਸ ਰਾਸ਼ਟਰੀ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕੈਂਪ ਦੌਰਾਨ ਟ੍ਰੇਨਰਾਂ ਨੇ ਦੱਸਿਆ ਕਿ ਪਹਿਲੇ ਦਿਨ ਬੂਥ ਪੱਧਰ ’ਤੇ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਦ ਕਿ ਅਗਲੇ 2 ਦਿਨ ਘਰ-ਘਰ ਜਾ ਕੇ ਪਲਸ ਪੋਲਿਓ ਮੁਹਿੰਮ ਚਲਾਈ ਜਾਵੇਗੀ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਗਰਮੀ ਦੇ ਮੌਸਮ ਵਿਚ ਵੈਕਸੀਨ ਨੂੰ ਕਿਸ ਤਰ੍ਹਾਂ ਸੁਰੱਖਿਅਤ ਅਤੇ ਨਿਰਧਾਰਿਤ ਤਾਪਮਾਨ ’ਤੇ ਰੱਖਣਾ ਹੈ, ਬੱਚਿਆਂ ਨੂੰ ਕਿੰਨੀਆਂ ਬੂੰਦਾਂ ਪਿਲਾਉਣੀਆਂ ਹਨ ਅਤੇ ਕਿਹੜੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਦਿੱਤੀਆਂ ਜਾਣੀਆਂ ਹਨ। ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਰਾਸ਼ਟਰੀ ਸਿਹਤ ਪ੍ਰੋਗਰਾਮ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਾਉਣਾ ਸੀ, ਤਾਂ ਜੋ ਉਹ ਪਲਸ ਪੋਲਿਓ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਇਆ ਜਾ ਸਕੇ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ.ਜੀ.ਐੱਸ ਮਿੱਤਲ ਨੇ ਕਿਹਾ ਕਿ ਪਲਸ ਪੋਲਿਓ ਮੁਹਿੰਮ ਸਿਰਫ਼ ਇਕ ਸਿਹਤ ਪ੍ਰੋਗਰਾਮ ਹੀ ਨਹੀਂ, ਸਗੋਂ ਬੱਚਿਆਂ ਦੇ ਤੰਦਰੁਸਤ ਅਤੇ ਸੁਰੱਖਿਅਤ ਭਵਿੱਖ ਨਾਲ ਜੁੜਿਆ ਰਾਸ਼ਟਰੀ ਸੰਕਲਪ ਹੈ। ਕਾਲਜ ਦੇ ਪ੍ਰਿੰਸੀਪਲ ਡਾ.ਰਾਮ ਸਵਰੂਪ ਸ਼ਰਮਾ ਨੇ ਕਿਹਾ ਕਿ ਨਰਸਿੰਗ ਵਿਦਿਆਰਥੀ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਅਜਿਹੇ ਰਾਸ਼ਟਰੀ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਜਗਮਿੰਦਰ ਕੌਰ, ਆਦਿਤੀ, ਅਮਨਦੀਪ ਕੌਰ, ਸਵਪਨਦੀਪ, ਪ੍ਰਵੀਨ ਰਾਣੀ, ਵਿਜੈ, ਮਨੀ ਸ਼ਰਮਾ, ਪੂਨਮ ਰਾਣੀ, ਰਾਜ ਰਾਣੀ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ