ਫ਼ਾਜ਼ਿਲਕਾ, 27 ਜੂਨ (ਦਵਿੰਦਰ ਪਾਲ ਸਿੰਘ)-ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ-ਪਤਨੀ ਮੈਡਮ ਖ਼ੁਸ਼ਬੂ ਸਵਨਾ ਵਲੋਂ ਹਲਕੇ ਦੇ ਪਿੰਡ ਕਿੱਕਰ ਵਾਲਾ ਰੂਪਾ ’ਤੇ ਚੁਵਾੜਿਆ ਵਾਲੀ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਦੋ ਵਿਸ਼ੇਸ਼ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਬੱਸਾਂ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਰਾਮ ਤੀਰਥ ਮੰਦਰ, ਸ੍ਰੀ ਦੁਰਗਿਆਨਾ ਮੰਦਿਰ ਅਤੇ ਵਾਹਗਾ ਬਾਰਡਰ ਦੇ ਦਰਸ਼ਨ ਕਰਵਾਉਣਗੀਆਂ। ਇਸ ਮੌਕੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਮੈਡਮ ਖ਼ੁਸ਼ਬੂ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਯਾਤਰੀਆਂ ਲਈ ਆਵਾਜਾਈ, ਰਹਿਣ-ਸਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਅਕਸਰ ਬਜ਼ੁਰਗ ਅਵਸਥਾ ਵਿਚ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਵਾਂਝੇ ਰਹਿ ਜਾਂਦੇ ਹਨ, ਇਸੇ ਲਈ ਸਰਕਾਰ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਲੋਕਾਂ ਅਤੇ ਸ਼ਰਧਾਲੂਆਂ ਨੂੰ ਆਸਾਨ, ਸੁਰੱਖਿਅਤ ਅਤੇ ਮੁਫ਼ਤ ਤੀਰਥ ਦਰਸ਼ਨ ਕਰਵਾਉਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਮੰਜੂ, ਪੰਚਾਇਤ ਮੈਂਬਰ ਰਾਮ ਰਤਨ, ਕਾਂਤਾ ਦੇਵੀ, ਕ੍ਰਿਸ਼ਨ ਲਾਲ, ਸਰਪੰਚ ਮਹਿੰਦਰ ਕੁਮਾਰ, ਪੰਚਾਇਤ ਮੈਂਬਰ ਪਰਮਜੀਤ ਕੌਰ, ਤੁਲਸੀ ਰਾਮ, ਵਿਕਾਸ, ਮੋਹਨ ਲਾਲ, ਵਾਰਡ ਇੰਚਾਰਜ ਸ਼ੇਖਰ, ਹਰੀਸ਼ ਠਾਕੁਰ, ਯੋਗੇਸ਼ ਸ਼ਰਮਾ ਅਤੇ ਬਲਾਕ ਪ੍ਰਧਾਨ ਸੋਨੀਆ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ।