ਅਬੋਹਰ, 2 ਜੁਲਾਈ(ਵਿਵੇਕ ਹੂੜੀਆ)-ਅਬੋਹਰ ਦੇ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਸਬਜ਼ੀ ਮੰਡੀ ਚੌਕ ਨੇੜੇ ਬਣੀ ‘ਦਿੱਲੀ ਮੋਬਾਈਲ ਸ਼ਾਪ’ ਵਿਚ ਬੀਤੀ ਰਾਤ ਚੋਰਾਂ ਨੇ ਸੰਨ੍ਹ ਲਗਾ ਦਿੱਤੀ। ਨਕਾਬਪੋਸ਼ ਬਦਮਾਸ਼ ਦੁਕਾਨ ਦਾ ਸ਼ਟਰ ਅਤੇ ਅੰਦਰਲਾ ਗੇਟ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਵੱਡੀ ਗਿਣਤੀ ਵਿਚ ਮੋਬਾਈਲ ਫ਼ੋਨ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਵੀਰਵਾਰ ਸਵੇਰੇ ਕਰੀਬ 5 ਵਜੇ ਲੱਗਿਆ, ਜਦੋਂ ਚੌਕੀਦਾਰ ਨੇ ਦੁਕਾਨ ਮਾਲਕ ਨੂੰ ਫ਼ੋਨ ’ਤੇ ਇਸ ਦੀ ਸੂਚਨਾ ਦਿੱਤੀ। ਦੁਕਾਨ ਮਾਲਕ ਬੱਬਲੂ ਨਿਵਾਸੀ ਵਰਿਆਮ ਨਗਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਦੁਕਾਨ ਬੰਦ ਕਰਕੇ ਘਰ ਗਿਆ ਸੀ। ਸਵੇਰੇ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਸੱਬਲ਼ ਨਾਲ ਤੋੜਿਆ ਹੋਇਆ ਸੀ। ਅੰਦਰ ਜਾ ਕੇ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਰਿਪੇਅਰਿੰਗ ਲਈ ਆਏ ਕਰੀਬ 70 ਤੋਂ 80 ਪੁਰਾਣੇ ਮੋਬਾਈਲ ਫ਼ੋਨ, 10 ਤੋਂ 15 ਨਵੇਂ ਕੀ ਪੈਡ ਫ਼ੋਨ ਅਤੇ ਗੱਲੇ ਵਿਚ ਰੱਖੀ ਕਰੀਬ 7 ਹਜ਼ਾਰ ਰੁਪਏ ਦੀ ਨਕਦੀ ਗ਼ਾਇਬ ਸੀ। ਚੋਰਾਂ ਨੇ ਵਾਰਦਾਤ ਦੌਰਾਨ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵੀ ਤੋੜ-ਭੰਨ ਕੀਤੀ। ਹਾਲਾਂਕਿ, ਡੀ.ਵੀ.ਆਰ ਦੀ ਫੁਟੇਜ ਚੈੱਕ ਕਰਨ ’ਤੇ ਦੋ ਨਕਾਬਪੋਸ਼ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਸੂਚਨਾ ਮਿਲਣ ’ਤੇ 112 ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਆਸ-ਪਾਸ ਲੱਗੇ ਹੋਰ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿਚ ਭਾਰੀ ਰੋਸ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਖੇਤਰ ਵਿਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਮੋਬਾਈਲ ਐਸੋਸੀਏਸ਼ਨ ਦੇ ਮੈਂਬਰ ਪ੍ਰਧਾਨ ਵਿਜੇ ਉਪਵੇਜਾ ਦੀ ਅਗਵਾਈ ਹੇਠ ਥਾਣੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਨਹੀਂ ਤਾਂ ਉਹ ਮੋਬਾਈਲ ਦੁਕਾਨਾਂ ਬੰਦ ਕਰਕੇ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।