ਅਬੋਹਰ, 2 ਜੁਲਾਈ(ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਵਿਖੇ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਕੈਲਾਸ਼ ਰਾਣੀ ਅਤੇ ਡਾਇਰੈਕਟਰ ਸੁਖਵਿੰਦਰ ਪਾਲ ਦੇ ਮਾਰਗਦਰਸ਼ਨ ਅਤੇ ਪ੍ਰਿੰਸੀਪਲ ਰਵੀ ਕੁਮਾਰ ਦੀ ਅਗਵਾਈ ਹੇਠ ਮੈਂਟਰਜ਼ ਟਾਂਕ ਲੜੀ ਤਹਿਤ ਇਕ ਪ੍ਰੇਰਨਾਦਾਇਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਚਰਚਾ ਦਾ ਮੁੱਖ ਵਿਸ਼ਾ ‘ਮੇਕਿੰਗ ਸਕੂਲ ਅ ਪਲੇਸ ਆਫ਼ ਹੈਪੀਨੈਸ ਐਂਡ ਗ੍ਰੋਥ’ ਰੱਖਿਆ ਗਿਆ ਸੀ। ਪ੍ਰੋਗਰਾਮ ਦਾ ਸਫਲ ਮੰਚ ਸੰਚਾਲਨ ਕੁਮਾਰੀ ਨੇਹਾ ਵਲੋਂ ਕੀਤਾ ਗਿਆ। ਇਸ ਪੈਨਲ ਚਰਚਾ ਵਿਚ ਸ੍ਰੀਮਤੀ ਹਰਪਾਲ ਕੌਰ, ਕੁਮਾਰੀ ਆਂਚਲ ਗਗਨੇਜਾ ਅਤੇ ਕੁਮਾਰੀ ਕਿਰਨਪ੍ਰੀਤ ਕੌਰ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਜਮਾਤ ਵਿਚ ਖ਼ੁਸ਼ਗਵਾਰ ਪੜ੍ਹਾਈ, ਵਿਦਿਆਰਥੀਆਂ ਨਾਲ ਸਕਾਰਾਤਮਿਕ ਸਬੰਧ, ਭਾਵਨਾਤਮਕ ਸਹਿਯੋਗ, ਪ੍ਰੇਰਨਾਦਾਇਕ ਮਾਹੌਲ ਅਤੇ ਵਿਕਾਸਮੁਖੀ ਸਿੱਖਿਆ ਪ੍ਰਣਾਲੀਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਦੋਂ ਸਕੂਲ ਦਾ ਮਾਹੌਲ ਖ਼ੁਸ਼ਹਾਲ ਹੁੰਦਾ ਹੈ, ਉਦੋਂ ਹੀ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਰਚਨਾਤਮਿਕਤਾ ਅਤੇ ਸਿੱਖਣ ਦੀ ਅਸਲ ਰੁਚੀ ਪੈਦਾ ਹੁੰਦੀ ਹੈ। ਇਸ ਮੌਕੇ ਡਾ. ਰਾਕੇਸ਼ ਸਹਿਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਨਾਲ ਅਧਿਆਪਕਾਂ ਦਾ ਉਤਸ਼ਾਹ ਵਧਾਇਆ ਅਤੇ ਸਕੂਲ ਵਲੋਂ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਾਰ ਵਿਕਾਸ ਤੇ ਸਾਰਥਿਕ ਵਿੱਦਿਅਕ ਸੰਵਾਦ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ‘ਮੈਂਟਰਜ਼ ਟਾਂਕ’ ਵਰਗੀ ਸੰਵਾਦਾਤਮਕ ਲੜੀ ਅਧਿਆਪਕਾਂ ਦੇ ਵਿਚਾਰਾਂ, ਤਜਰਬਿਆਂ ਅਤੇ ਨਵੇਂ ਪ੍ਰਯੋਗਾਂ ਨੂੰ ਸਾਂਝਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਚੁੱਕੀ ਹੈ, ਜੋ ਸਕੂਲ ਵਿਚ ਗੁਣਵੱਤਾ ਭਰਪੂਰ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਉੱਥੇ ਹੀ, ਸਕੂਲ ਦੇ ਪ੍ਰਿੰਸੀਪਲ ਸ੍ਰੀ ਰਵੀ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਚੰਗਾ ਸਕੂਲ ਸਿਰਫ਼ ਸ਼ਾਨਦਾਰ ਨਤੀਜਿਆਂ ਨਾਲ ਨਹੀਂ, ਸਗੋਂ ਉੱਥੋਂ ਦੇ ਖ਼ੁਸ਼ਹਾਲ ਵਿਦਿਆਰਥੀਆਂ, ਪ੍ਰੇਰਿਤ ਅਧਿਆਪਕਾਂ ਅਤੇ ਸਕਾਰਾਤਮਿਕ ਮਾਹੌਲ ਤੋਂ ਪਛਾਣਿਆ ਜਾਂਦਾ ਹੈ।