ਅਬੋਹਰ, 4 ਜੁਲਾਈ(ਵਿਵੇਕ ਹੂੜੀਆ)-ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸ਼ਹਿਰ ਅਤੇ ਨਵੀਂ ਆਬਾਦੀ ਖੇਤਰ ਵਿਚ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਾਮਾਨ ’ਤੇ ਹੱਥ ਸਾਫ਼ ਕਰ ਦਿੱਤਾ। ਇਸ ਦੇ ਨਾਲ ਹੀ ਕੱਸੀ ਮਾਰਕੀਟ ਵਿਚ ਇਕ ਹੋਰ ਦੁਕਾਨ ਦੇ ਤਾਲੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਚੋਰ ਸਫਲ ਨਹੀਂ ਹੋ ਸਕੇ। ਇਕੋ ਰਾਤ ਵਿਚ ਹੋਈਆਂ ਕਈ ਚੋਰੀਆਂ ਕਾਰਨ ਵਪਾਰੀਆਂ ਅਤੇ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਣ ’ਤੇ 112 ਪੁਲਿਸ ਹੈਲਪ ਲਾਈਨ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੀਂ ਆਬਾਦੀ ਗਲੀ ਨੰਬਰ 4 ਵੱਡੀ ਪੌੜੀ ਵਿਚ ਸਥਿਤ ‘ਬ੍ਰਦਰਜ਼ ਹੱਬ ਰੈਡੀਮੇਡ ਗਾਰਮੈਂਟਸ’ ਦੇ ਮਾਲਕ ਪ੍ਰਵੀਨ ਕੁਮਾਰ ਪੁੱਤਰ ਬਿੱਲੂ ਰਾਮ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਗਏ ਸਨ। ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਚੋਰ ਦੁਕਾਨ ਦੇ ਅੰਦਰੋਂ ਕਰੀਬ 50 ਹਜ਼ਾਰ ਰੁਪਏ ਦੀ ਕੀਮਤ ਦੀਆਂ ਜੀਨਸ, ਪੈਂਟਾਂ ਅਤੇ ਸ਼ਰਟਾਂ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਗੱਲੇ ’ਚੋਂ 10 ਤੋਂ 12 ਹਜ਼ਾਰ ਰੁਪਏ ਦੀ ਨਕਦੀ ਵੀ ਗ਼ਾਇਬ ਸੀ। ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਚੈਕਿੰਗ ਦੌਰਾਨ ਦੇਰ ਰਾਤ ਗਲੀ ਵਿਚ ਤਿੰਨ ਨੌਜਵਾਨ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਇਸੇ ਤਰ੍ਹਾਂ ਕੰਧਵਾਲਾ ਰੋਡ ’ਤੇ ਸਥਿਤ ਇਕ ਨਾਈ ਦੀ ਦੁਕਾਨ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ। ਵਿਸ਼ੇਸ਼ਰਨਾਥ ਢਾਣੀ ਦੇ ਰਹਿਣ ਵਾਲੇ ਪ੍ਰੀਤਮ ਨੇ ਦੱਸਿਆ ਕਿ ਚੋਰ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ ’ਚੋਂ ਕਰੀਬ 1200 ਰੁਪਏ ਦੀ ਨਕਦੀ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਪਹਿਲਾਂ ਵੀ ਦੋ ਵਾਰ ਚੋਰੀ ਹੋ ਚੁੱਕੀ ਹੈ। ਇਸੇ ਤਰ੍ਹਾਂ ਸਾਊਥ ਸਰਕੁਲਰ ਰੋਡ ਸਥਿਤ ‘ਸ਼ਿਵ ਦਿਆਲ ਅੰਗਰੇਜ਼ ਕੁਮਾਰ ਆਇਰਨ ਸਟੋਰ’ ਦੇ ਤਾਲੇ ਤੋੜ ਕੇ ਚੋਰ 5 ਤੋਂ 6 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਇਸ ਦੇ ਸਾਹਮਣੇ ਕੱਸੀ ਮਾਰਕੀਟ ਵਿਚ ਅਰਵਿੰਦ ਸੋਨੀ ਦੀ ਲੋਹੇ ਦੀ ਦੁਕਾਨ ’ਚੋਂ ਵੀ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕੀਤਾ ਗਿਆ। ਇਸ ਤੋਂ ਇਲਾਵਾ ਗੋਪੀ ਰਾਮ ਨਾਮਕ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਇਕ ਤਾਲਾ ਤਾਂ ਤੋੜ ਦਿੱਤਾ, ਪਰ ਦੂਜਾ ਤਾਲਾ ਮਜ਼ਬੂਤ ਹੋਣ ਕਾਰਨ ਟੁੱਟ ਨਹੀਂ ਸਕਿਆ, ਜਿਸ ਕਰਕੇ ਉੱਥੇ ਚੋਰੀ ਹੋਣੋਂ ਬਚ ਗਈ। ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।