ਫ਼ਿਰੋਜ਼ਪੁਰ, 4 ਜੁਲਾਈ (ਗੁਰਿੰਦਰ ਸਿੰਘ)-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਫ਼ਿਰੋਜ਼ਪੁਰ ਸਥਿਤ ਗੁਰਦੁਆਰਾ ਰਾਮ ਦਾਸ ਪੁਰੀ ਵਿਖੇ ਪਹੁੰਚ ਕੇ ਭਗਤ ਬਾਬਾ ਮਿਲਖਾ ਸਿੰਘ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੀ ਚੰਗੀ ਤੇ ਤੰਦਰੁਸਤ ਸਿਹਤ ਲਈ ਅਰਦਾਸ ਕੀਤੀ। ਭਗਤ ਬਾਬਾ ਮਿਲਖਾ ਸਿੰਘ ਨੇ ਬਾਬਾ ਹਰਨਾਮ ਸਿੰਘ ਧੁੰਮਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਭਗਤ ਬਾਬਾ ਮਿਲਖਾ ਸਿੰਘ ਪਿਛਲੇ ਕੁੱਝ ਸਮੇਂ ਤੋਂ ਅਸਵਸਥ ਚੱਲ ਰਹੇ ਹਨ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਗੁਰਦੁਆਰਾ ਰਾਮ ਦਾਸ ਪੁਰੀ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿੱਦਿਅਕ ਅਤੇ ਧਾਰਮਿਕ ਗਤੀਵਿਧੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਗਤ ਬਾਬਾ ਮਿਲਖਾ ਸਿੰਘ ਸੇਵਾ, ਸਿਮਰਨ ਅਤੇ ਪਰਉਪਕਾਰ ਦੀ ਮੂਰਤ ਹਨ। ਜੋ ਨਵੀਂ ਪੀੜ੍ਹੀ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਗੁਰਮਤਿ ਅਤੇ ਧਾਰਮਿਕ ਸੰਸਕਾਰਾਂ ਨਾਲ ਵੀ ਜੋੜ ਰਹੇ ਹਨ। ਇਸ ਮੌਕੇ ਭਾਈ ਨਿਰਵੈਰ ਸਿੰਘ, ਗੁਰੂ ਰਾਮ ਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਦੇ ਮੈਨੇਜਰ ਇੰਦਰਪਾਲ ਸਿੰਘ, ਨੰਬਰਦਾਰ ਅਮਰੀਕ ਸਿੰਘ, ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਗਦੇਵ ਸਿੰਘ, ਗੁਰਚਰਨ ਸਿੰਘ, ਗੁਰਦੇਵ ਸਿੰਘ ਫ਼ੌਜੀ ਅਤੇ ਰੇਸ਼ਮ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।