ਫ਼ਾਜ਼ਿਲਕਾ, 5 ਜੁਲਾਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਜਨ ਸੇਵਾ ਸੁਸਾਇਟੀ ਸਮਾਜ ਭਲਾਈ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਅਨੇਕਾਂ ਪ੍ਰੋਜੈਕਟ ਚਲਾ ਰਹੀ ਹੈ। ਇਸੇ ਲੜੀ ਤਹਿਤ ਸੁਸਾਇਟੀ ਵਲੋਂ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ ਅਤੇ ਪ੍ਰੋਜੈਕਟ ਇੰਚਾਰਜ ਪਵਨ ਬੱਬਰ ’ਤੇ ਰਮੇਸ਼ ਕੁਮਾਰ ਦੀ ਅਗਵਾਈ ਹੇਠ 18 ਲੋੜਵੰਦ ਪਰਿਵਾਰਾਂ ਨੂੰ ਜੁਲਾਈ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਦੇ ਨਾਲ ਹੀ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ.ਨੀਲੂ ਚੁੱਘ ਦੀ ਅਗਵਾਈ ਹੇਠ 10 ਟੀ.ਬੀ. ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਸਮਾਜ ਸੇਵੀ ਓਮ ਪ੍ਰਕਾਸ਼ ਸਚਦੇਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੁਸਾਇਟੀ ਦੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਪਵਨ ਬੱਬਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਹ ਉਪਰਾਲਾ ਦਸੰਬਰ 2021 ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਉਨ੍ਹਾਂ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਮਾਸਿਕ ਆਮਦਨ ਬਹੁਤ ਘੱਟ ਹੈ, ਬਜ਼ੁਰਗ ਜੋੜੇ ਹਨ ਜਾਂ ਫਿਰ ਵਿਧਵਾ ਮਹਿਲਾਵਾਂ ਹਨ। ਇਸ ਦੀ ਸ਼ੁਰੂਆਤ ਸਿਰਫ਼ 2 ਪਰਿਵਾਰਾਂ ਨਾਲ ਹੋਈ ਸੀ ਅਤੇ ਹੁਣ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਸਦਕਾ 18 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਛੇਵੇਂ ਪੜਾਅ ਤਹਿਤ 10 ਟੀ.ਬੀ. ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ। ਇਹ ਸੇਵਾ ਕਾਰਜ ਸੁਸਾਇਟੀ ਮੈਂਬਰ ਅਜੇ ਧੀਂਗੜਾ, ਵਿਕਾਸ ਕਟਾਰੀਆ, ਆਸ਼ਾ ਸੈਣੀ, ਜਗਦੀਸ਼ ਸ਼ਰਮਾ, ਰਾਜੀਵ ਕਪੂਰ ਅਤੇ ਨੀਲਮ ਸਚਦੇਵਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਪ੍ਰਧਾਨ ਰਮਨ ਸੇਤੀਆ ਨੇ ਕਿਹਾ ਕਿ ਸੁਸਾਇਟੀ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਲੋੜਵੰਦ ਲੋਕਾਂ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ.ਨੀਲੂ ਚੁੱਘ ਨੇ ਕਿਹਾ ਕਿ ਟੀ.ਬੀ.ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਆਪਣੀ ਖ਼ੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਮਰੀਜ਼ਾਂ ਨੂੰ ਮਾਸਿਕ ਪਹਿਨਣ ਦੇ ਨਾਲ-ਨਾਲ ਆਪਣੇ ਬਰਤਨ, ਸਾਬਣ, ਤੌਲੀਆ ਅਤੇ ਬਿਸਤਰਾ ਵੀ ਵੱਖਰਾ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ 2 ਹਫ਼ਤਿਆਂ ਤੋਂ ਵੱਧ ਖਾਂਸੀ ਹੈ, ਤਾਂ ਉਹ ਨੇੜਲੇ ਸਿਵਲ ਹਸਪਤਾਲ ਜਾ ਕੇ ਆਪਣੀ ਜਾਂਚ ਜ਼ਰੂਰ ਕਰਵਾਏ। ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨ ਨੇ ਸੁਸਾਇਟੀ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਨ੍ਹਾਂ ਕਾਰਜਾਂ ਵਿਚ ਆਪਣਾ ਨਿਰੰਤਰ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਸੁਨੀਲ ਡੇ, ਸੰਦੀਪ ਸਚਦੇਵਾ, ਅਜੇ ਧੀਂਗੜਾ, ਪ੍ਰਦੀਪ ਗੁਪਤਾ, ਸੁਮਨ ਕੁੱਕੜ, ਸੰਦੀਪ ਕਟਾਰੀਆ, ਨੀਲਮ ਸਚਦੇਵਾ ਅਤੇ ਰਿਤੂ ਬੱਬਰ ਮੁੱਖ ਰੂਪ ਵਿਚ ਮੌਜੂਦ ਸਨ।
ਜਨ ਸੇਵਾ ਸੁਸਾਇਟੀ ਵਲੋਂ 18 ਲੋੜਵੰਦ ਪਰਿਵਾਰਾਂ ਅਤੇ 10 ਟੀ.ਬੀ.ਮਰੀਜ਼ਾਂ ਨੂੰ ਰਾਸ਼ਨ ਵੰਡਿਆ
ਅਜੀਤ ਡੈਸਕ
06-07-2026