ਫ਼ਾਜ਼ਿਲਕਾ, 9 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਜ਼ਦੀਕੀ ਕਸਬਾ ਲਾਧੂਕਾ ਵਿਖੇ ਇਕ ਕਰਿਆਨਾ ਦੁਕਾਨ ਦੇ ਪਿੱਛੇ ਦੀਵਾਰ ਪਾੜ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ‘ਮਨਚੰਦਾ ਕਰਿਆਨਾ ਸਟੋਰ’ ਨੂੰ ਨਿਸ਼ਾਨਾ ਬਣਾਇਆ ਅਤੇ ਪਿਛਲੀ ਦੀਵਾਰ ਵਿਚ ਸੰਨ੍ਹ ਲਗਾ ਕੇ ਲੋਹੇ ਦੀ ਪਾਈਪ ਅਤੇ ਪੌੜੀ ਦੇ ਸਹਾਰੇ ਅੰਦਰ ਦਾਖ਼ਲ ਹੋਏ। ਚੋਰ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਵੀਰਵਾਰ ਸਵੇਰੇ ਉਸ ਵੇਲੇ ਲੱਗਿਆ ਜਦੋਂ ਦੁਕਾਨਦਾਰ ਰੋਜ਼ਾਨਾ ਵਾਂਗ ਦੁਕਾਨ ਖੋਲ੍ਹਣ ਪਹੁੰਚਿਆ। ਪੀੜਤ ਵਲੋਂ ਇਸ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਲਾਧੂਕਾ ਵਿਖੇ ਮਨਚੰਦਾ ਕਰਿਆਨਾ ਸਟੋਰ ਚਲਾਉਂਦਾ ਹੈ। ਬੀਤੀ ਰਾਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਜਦੋਂ ਉਹ ਵੀਰਵਾਰ ਸਵੇਰੇ ਦੁਕਾਨ ’ਤੇ ਪਹੁੰਚਿਆ ਤਾਂ ਅੰਦਰ ਦਾ ਹਾਲ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਚੋਰਾਂ ਨੇ ਦੁਕਾਨ ਦੀ ਪਿਛਲੀ ਦੀਵਾਰ ਵਿਚ ਪਾੜ ਲਗਾਇਆ ਹੋਇਆ ਸੀ। ਚੋਰ ਆਪਣੇ ਨਾਲ ਕਰੀਬ 20 ਫੁੱਟ ਲੰਮੀ ਲੋਹੇ ਦੀ ਪਾਈਪ ਅਤੇ ਇਕ ਪੌੜੀ ਲੈ ਕੇ ਆਏ ਸਨ। ਉਨ੍ਹਾਂ ਨੇ ਪਹਿਲਾਂ ਦੀਵਾਰ ਦੇ ਪਾੜ ਰਾਹੀਂ ਪਾਈਪ ਅਤੇ ਪੌੜੀ ਅੰਦਰ ਪਹੁੰਚਾਈ ਅਤੇ ਫਿਰ ਉਸੇ ਦੇ ਸਹਾਰੇ ਲਟਕ ਕੇ ਅੰਦਰ ਵੜੇ। ਪੀੜਤ ਦੁਕਾਨਦਾਰ ਮੁਤਾਬਿਕ ਚੋਰ ਦੁਕਾਨ ਵਿਚੋਂ ਕਰੀਬ 25 ਹਜ਼ਾਰ ਰੁਪਏ ਦੀ ਕੀਮਤ ਦੇ ਸਿਗਰਟ ਦੇ ਪੈਕਟ, ਚਾਹ ਪੱਤੀ ਦੇ ਦੋ ਵੱਡੇ ਬੈਗ, ਗੱਲੇ ਵਿਚ ਰੱਖੀ 5 ਤੋਂ 7 ਹਜ਼ਾਰ ਰੁਪਏ ਦੀ ਨਕਦੀ, ਬਦਾਮ, ਤੇਲ ਅਤੇ ਹੋਰ ਕਰਿਆਨਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸ਼ੁਰੂਆਤੀ ਅੰਦਾਜ਼ੇ ਮੁਤਾਬਿਕ ਕਰੀਬ 40 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ। ਫ਼ਿਲਹਾਲ ਨੁਕਸਾਨ ਦਾ ਪੂਰਾ ਮੁਲਾਂਕਣ ਕੀਤਾ ਜਾ ਰਿਹਾ ਹੈ। ਦੁਕਾਨਦਾਰ ਪਵਨ ਕੁਮਾਰ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਉਸ ਦੀ ਦੁਕਾਨ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਪੁਲਿਸ ਚੌਕੀ ਸਥਿਤ ਹੈ। ਇਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਆਰਾਮ ਨਾਲ ਦੀਵਾਰ ਪਾੜ ਕੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਰ ਵਿਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਾਮਾਨ ਬਰਾਮਦ ਕੀਤਾ ਜਾਵੇ।