ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਅਬੋਹਰ ਦਾ ਸਫ਼ਾਈ ਪ੍ਰਬੰਧ ਠੱਪ

Ad Position 21
No active advertisement
ਅਜੀਤ ਡੈਸਕ 14-07-2026
ਅਬੋਹਰ, 13 ਜੁਲਾਈ (ਵਿਵੇਕ ਹੂੜੀਆ)-ਅਬੋਹਰ ਨਗਰ ਨਿਗਮ ਵਿਚ ਮੇਅਰ ਦੀ ਕੁਰਸੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਰਮਿਆਨ ਚੱਲ ਰਹੀ ਸਿਆਸੀ ਖਿੱਚੋਤਾਣ ਦੇ ਵਿਚਕਾਰ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਚੁੱਕੀ ਹੈ। ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਹੜਤਾਲ ’ਤੇ ਹਨ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਸਭ ਤੋਂ ਮਾੜੀ ਹਾਲਤ ਨਹਿਰੂ ਸਟੇਡੀਅਮ ਦੇ ਨੇੜੇ ਸਥਿਤ ਕੂੜਾ ਡੰਪ ਦੀ ਹੈ, ਜਿੱਥੇ ਗੰਦਗੀ ਅਤੇ ਬਦਬੂ ਕਾਰਨ ਸਥਾਨਕ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸਥਾਨਕ ਲੋਕਾਂ ਅਨੁਸਾਰ ਕੂੜਾ ਡੰਪ ਵਿਚ ਬਰਸਾਤੀ ਪਾਣੀ ਭਰ ਜਾਣ ਕਾਰਨ ਕੂੜਾ ਸੜਨ ਲੱਗ ਪਿਆ ਹੈ ਅਤੇ ਇਸ ਦੀ ਤੇਜ਼ ਬਦਬੂ ਦੂਰ-ਦੂਰ ਤੱਕ ਫੈਲ ਰਹੀ ਹੈ। ਹਾਲਾਤ ਇੰਨੇ ਨਾਜ਼ੁਕ ਹਨ ਕਿ ਕੂੜਾ ਸੜਕਾਂ ਤੱਕ ਖਿੱਲਰ ਚੁੱਕਾ ਹੈ ਅਤੇ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਆਪਣੇ ਨੱਕ ’ਤੇ ਕੱਪੜਾ ਰੱਖ ਕੇ ਲੰਘਣਾ ਪੈਂਦਾ ਹੈ। ਖੇਤਰ ਵਿਚ ਮੱਖੀਆਂ-ਮੱਛਰਾਂ ਦੀ ਭਰਮਾਰ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਲਾਕਾ ਨਿਵਾਸੀ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਚਾਰੇ ਪਾਸੇ ਗੰਦਗੀ ਦਾ ਆਲਮ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਤੁਰੰਤ ਸਫ਼ਾਈ ਬਹਾਲ ਕੀਤੀ ਜਾਵੇ। ਇੱਕ ਹੋਰ ਸਥਾਨਕ ਨਿਵਾਸੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਨਗਰ ਨਿਗਮ ਵੱਲੋਂ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਹੈ। ਇਸ ਕਾਰਨ ਲੋਕਾਂ ਦੇ ਘਰਾਂ ਵਿਚ ਕੂੜੇ ਦੇ ਬੋਰੇ ਭਰ ਗਏ ਹਨ ਅਤੇ ਨਾਗਰਿਕ ਮਜਬੂਰੀ ਵੱਸ ਖ਼ੁਦ ਕੂੜਾ ਚੁੱਕ ਕੇ ਡੰਪ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਨਗਰ ਨਿਗਮ ਹਰ ਮਹੀਨੇ ਕੂੜਾ ਪ੍ਰਬੰਧਨ ਫ਼ੀਸ ਦੀ ਪਰਚੀ ਕੱਟਣ ਤਾਂ ਸਮੇਂ ਸਿਰ ਪਹੁੰਚ ਜਾਂਦਾ ਹੈ, ਪਰ ਪਿਛਲੇ 15 ਦਿਨਾਂ ਤੋਂ ਕੂੜਾ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਥਾਨਕ ਨਾਗਰਿਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦੀ ਹੱਲ ਕੱਢਿਆ ਜਾਵੇ ਅਤੇ ਸ਼ਹਿਰ ਨੂੰ ਗੰਦਗੀ ਤੇ ਸੰਭਾਵਿਤ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੇ ਸੁਧਾਰ ਲਈ 4 ਕਰੋੜ 11 ਲੱਖ ਦੇ ਰੱਖੇ ਨੀਂਹ ਪੱਥਰ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਪ੍ਰੀ ਮੌਨਸੂਨ ਦੇ ਪਹਿਲੇ ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ
Ad Position 24
No active advertisement