ਡੀ.ਏ.ਵੀ.ਕਾਲਜ ਵਿਖੇ ਬੀ.ਐੱਡ.ਵਿਦਿਆਰਥੀਆਂ ਦੀ ਪ੍ਰੀ-ਟੀਚਿੰਗ ਟਰੇਨਿੰਗ ਸ਼ੁਰੂ
ਫ਼ਾਜ਼ਿਲਕਾ, 18 ਜੁਲਾਈ (ਅਮਰਜੀਤ ਸ਼ਰਮਾ)-ਡੀ. ਏ.
ਫ਼ਾਜ਼ਿਲਕਾ, 18 ਜੁਲਾਈ (ਅਮਰਜੀਤ ਸ਼ਰਮਾ)-ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਵਿਖੇ ਬੀ.ਐੱਡ.ਸੈਸ਼ਨ 2025–27 ਦੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਦੀ ਟੀਚਿੰਗ ਪ੍ਰੈਕਟਿਸ (ਸਿੱਖਿਆ ਸਿਖਲਾਈ) ਆਗਾਮੀ ਅਗਸਤ ਮਹੀਨੇ ਤੋਂ ਵੱਖ-ਵੱਖ ਸਕੂਲਾਂ ਵਿਚ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਆਪਨ ਕਾਰਜ ਲਈ ਪੂਰੀ ਤਰ੍ਹਾਂ ਤਿਆਰ ਕਰਨ ਦੇ ਉਦੇਸ਼ ਨਾਲ ਕਾਲਜ ਵਿਚ 17 ਜੁਲਾਈ ਤੋਂ ਪ੍ਰੀ-ਟੀਚਿੰਗ ਟਰੇਨਿੰਗ (ਸਿਖਲਾਈ) ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਕੂਲੀ ਜੀਵਨ, ਅਧਿਆਪਕ ਦੀ ਭੂਮਿਕਾ, ਪੇਸ਼ੇਵਾਰ ਨੈਤਿਕਤਾ, ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਪ੍ਰਭਾਵਸ਼ਾਲੀ ਅਧਿਆਪਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਅਸਲ ਸਕੂਲੀ ਮਾਹੌਲ ਵਿਚ ਪੂਰੇ ਆਤਮ-ਵਿਸ਼ਵਾਸ, ਕੁਸ਼ਲਤਾ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਣ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀਚਿੰਗ ਪ੍ਰੈਕਟਿਸ ਬੀ.ਐੱਡ. ਵਿਦਿਆਰਥੀਆਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਫ਼ੈਸਲਾਕੁਨ ਪੜਾਅ ਹੁੰਦਾ ਹੈ। ਇਹੀ ਉਹ ਮੌਕਾ ਹੁੰਦਾ ਹੈ ਜਦੋਂ ਵਿਦਿਆਰਥੀ ਇਕ ਅਧਿਆਪਕ ਵਜੋਂ ਆਪਣੇ ਗਿਆਨ, ਸ਼ਖ਼ਸੀਅਤ, ਵਿਹਾਰ ਅਤੇ ਪੜ੍ਹਾਉਣ ਦੇ ਹੁਨਰ ਨੂੰ ਅਸਲ ਸਕੂਲੀ ਮਾਹੌਲ ਵਿਚ ਪਰਖਦੇ ਅਤੇ ਨਿਖਾਰਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਵਿਦਿਆਰਥੀ ਪੂਰੀ ਤਨਦੇਹੀ, ਉਤਸ਼ਾਹ ਅਤੇ ਅਨੁਸ਼ਾਸਨ ਨਾਲ ਆਪਣੀ ਸਿਖਲਾਈ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨਗੇ। ਉਨ੍ਹਾਂ ਸਾਰੇ ਸਿੱਖਿਆਰਥੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਟੀਚਿੰਗ ਪ੍ਰੈਕਟਿਸ ਇੰਚਾਰਜ ਡਾ.ਅਮਿੱਤ ਪੋਪਲੀ ਅਤੇ ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਕੂਲ ਵਿਚ ਸਮੇਂ ਦੀ ਪਾਬੰਦੀ, ਅਨੁਸ਼ਾਸਨ, ਨਿਮਰਤਾ ਅਤੇ ਆਦਰਸ਼ ਵਿਹਾਰ, ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਸਰਗਰਮ ਹਿੱਸੇਦਾਰੀ ਅਤੇ ਬੱਚਿਆਂ ਪ੍ਰਤੀ ਸਕਾਰਾਤਮਿਕ ਪਹੁੰਚ ਹੀ ਇਕ ਸਫਲ ਅਧਿਆਪਕ ਦੀ ਅਸਲ ਪਛਾਣ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਹਰ ਪਾਠ ਨੂੰ ਜਮਾਤ ਵਿਚ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਨ, ਪਾਠ ਯੋਜਨਾ ਅਨੁਸਾਰ ਪੜ੍ਹਾਉਣ ਅਤੇ ਆਧੁਨਿਕ ਸਿੱਖਿਆ ਵਿਧੀਆਂ ਅਤੇ ਸਹਾਇਕ ਸਮਗਰੀ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਸਿਖਲਾਈ ਦੌਰਾਨ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਅਕਾਦਮਿਕ ਜਾਂ ਪ੍ਰਸ਼ਾਸਨਿਕ ਸਮੱਸਿਆ ਆਉਂਦੀ ਹੈ ਤਾਂ ਕਾਲਜ ਪ੍ਰਬੰਧਕ ਅਤੇ ਸਮੂਹ ਸਟਾਫ਼ ਹਰ ਵੇਲੇ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਤਿਆਰ ਰਹੇਗਾ। ਅੰਤ ਵਿਚ ਪ੍ਰਿੰਸੀਪਲ ਡਾ.ਅਨੁਰਾਗ ਅਸੀਜਾ ਨੇ ਸਮੂਹ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਖਲਾਈ ਦੌਰਾਨ ਵਿਦਿਆਰਥੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ, ਸਮੇਂ-ਸਮੇਂ ’ਤੇ ਉਨ੍ਹਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਲੋੜ ਪੈਣ ’ਤੇ ਹਰ ਸੰਭਵ ਮਾਰਗਦਰਸ਼ਨ ਪ੍ਰਦਾਨ ਕਰਨ ਤਾਂ ਜੋ ਕਾਲਜ ਦੇ ਵਿਦਿਆਰਥੀ ਇਕ ਯੋਗ, ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਆਦਰਸ਼ ਅਧਿਆਪਕ ਵਜੋਂ ਸਮਾਜ ਵਿਚ ਆਪਣੀ ਵਿਲੱਖਣ ਪਛਾਣ ਸਥਾਪਿਤ ਕਰ ਸਕਣ।