03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਰਕੂਲਰ ਰੋਡ ’ਤੇ ਗੁੰਡਾਗਰਦੀ, ਨੌਜਵਾਨ ’ਤੇ ਹਮਲਾ ਕਰਕੇ ਕੀਤਾ ਲਹੂ-ਲੁਹਾਨ

Ad Position 21
No active advertisement
ਅਜੀਤ ਡੈਸਕ 15-07-2026
ਅਬੋਹਰ, 14 ਜੁਲਾਈ(ਵਿਵੇਕ ਹੂੜੀਆ)-ਸ਼ਹਿਰ ਦੇ ਸਰਕੂਲਰ ਰੋਡ ’ਤੇ ਬੀਤੀ ਦੇਰ ਸ਼ਾਮ ਗੁੰਡਾਗਰਦੀ ਦਾ ਇਕ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਰਾਣੀ ਰੰਜਸ਼ ਦੇ ਚੱਲਦਿਆਂ ਕਰੀਬ ਇਕ ਦਰਜਨ ਨੌਜਵਾਨਾਂ ਨੇ ਇਕ 19 ਸਾਲਾ ਨੌਜਵਾਨ ਨੂੰ ਸੜਕ ਦੇ ਵਿਚਕਾਰ ਘੇਰ ਲਿਆ ਅਤੇ ਲੱਤਾਂ-ਮੁੱਕਿਆਂ ਤੇ ਇੱਟਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਵਿਵੇਕ ਪੁੱਤਰ ਸੁਭਾਸ਼ ਵਾਸੀ ਇੰਦਰਾ ਨਗਰੀ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਇਕ ਵਿਆਹ ਸਮਾਗਮ ਦੌਰਾਨ ਮੁਹੱਲੇ ਦੇ ਹੀ ਇਕ ਨੌਜਵਾਨ ਨਾਲ ਉਸ ਦੀ ਬਹਿਸ ਹੋਈ ਸੀ। ਹਾਲਾਂਕਿ ਬਾਅਦ ਵਿਚ ਦੋਵਾਂ ਧਿਰਾਂ ਵਿਚਾਲੇ ਪੰਚਾਇਤੀ ਸਮਝੌਤਾ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮਾਂ ਨੇ ਪੁਰਾਣੀ ਰੰਜਸ਼ ਤਹਿਤ ਉਸ ’ਤੇ ਹਮਲਾ ਕਰ ਦਿੱਤਾ। ਵਿਵੇਕ ਮੁਤਾਬਿਕ ਕੱਲ੍ਹ ਰਾਤ ਉਹ ਬਾਜ਼ਾਰ ਨੰਬਰ 4 ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਹਕੀਕਤ ਰਾਏ ਚੌਕ ਤੋਂ ਥੋੜ੍ਹਾ ਅੱਗੇ ਇਕ ਫਾਸਟ ਫੂਡ ਦੀ ਰੇਹੜੀ ਕੋਲ ਬਰਗਰ ਲੈਣ ਲਈ ਰੁਕਿਆ ਤਾਂ ਪੁਰਾਣੀ ਰੰਜਸ਼ ਰੱਖਣ ਵਾਲਾ ਨੌਜਵਾਨ ਆਪਣੇ ਕਰੀਬ ਇਕ ਦਰਜਨ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ ਅਤੇ ਉਸ ਨੂੰ ਘੇਰ ਲਿਆ। ਦੋਸ਼ ਹੈ ਕਿ ਉਕਤ ਸਾਰੇ ਨੌਜਵਾਨਾਂ ਨੇ ਪਹਿਲਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਸਿਰ ਵਿਚ ਇੱਟ ਮਾਰ ਦਿੱਤੀ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਸੜਕ ’ਤੇ ਡਿਗ ਪਿਆ। ਪੀੜਤ ਨੇ ਇਹ ਵੀ ਦੋਸ਼ ਲਾਇਆ ਕਿ ਮਾਰਕੁੱਟ ਦੌਰਾਨ ਮੁਲਜ਼ਮ ਉਸ ਕੋਲੋਂ 5 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ 25 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਈਲ ਫ਼ੋਨ ਵੀ ਖੋਹ ਕੇ ਫ਼ਰਾਰ ਹੋ ਗਏ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਸੂਚਨਾ ਮਿਲਣ ’ਤੇ ਪਹੁੰਚੇ ਦੋਸਤਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰੀਕ੍ਰਿਏਸ਼ਨ ਕਲੱਬ ਦੇ ਸੁਚਾਰੂ ਪ੍ਰਬੰਧ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਅਗਲੀ ਖ਼ਬਰ ਸਤਲੁਜ ਦਰਿਆ ’ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ
Ad Position 24
No active advertisement