‘ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਤਹਿਤ ਸਵੀਪ ਟੀਮ ਪਹੁੰਚੀ ਬਿਰਧ ਆਸ਼ਰਮ ਤੇ ਥਾਣੇ
ਅਜੀਤ ਡੈਸਕ
17-07-2026
ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਚੱਲ ਰਹੀ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ 2026 ਮੁਹਿੰਮ ਤਹਿਤ ਵੋਟਰ ਜਾਗਰੂਕਤਾ ਅਭਿਆਨ ਲਗਾਤਾਰ ਜਾਰੀ ਹੈ। ਉਪ ਮੰਡਲ ਮੈਜਿਸਟਰੇਟ ਜੁਗਰਾਜ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 80-ਫ਼ਾਜ਼ਿਲਕਾ ਵਿਚ ਸਵੀਪ ਟੀਮ ਫ਼ਾਜ਼ਿਲਕਾ ਵਲੋਂ ਲੋਕਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਜਾ ਰਿਆ ਹੈ। ਇਸ ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਸਵੀਪ ਟੀਮ ਦੇ ਨੋਡਲ ਅਫ਼ਸਰ ਸਤਿੰਦਰ ਬਤਰਾ ਨੇ ਆਪਣੀ ਟੀਮ ਸਮੇਤ ਬਿਰਧ ਆਸ਼ਰਮ ਫ਼ਾਜ਼ਿਲਕਾ ਅਤੇ ਪੁਲਿਸ ਸਟੇਸ਼ਨ ਫ਼ਾਜ਼ਿਲਕਾ ਸਿਟੀ ਦਾ ਦੌਰਾ ਕੀਤਾ। ਉੱਥੇ ਮੌਜੂਦ ਨਾਗਰਿਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਐੱਸ.ਆਈ.ਆਰ. ਫਾਰਮ ਭਰਨ ਦਾ ਸੰਦੇਸ਼ ਦਿੱਤਾ ਗਿਆ। ਨੋਡਲ ਅਫ਼ਸਰ ਨੇ ਇਸ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਐੱਸ.ਆਈ.ਆਰ.-2026 ਦੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਨੋਡਲ ਅਫ਼ਸਰ ਸਤਿੰਦਰ ਬਤਰਾ ਨੇ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਦੀ ਸਵੈ-ਪੜਤਾਲ ਲਈ ਗਣਨਾ ਫਾਰਮ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਫਾਰਮ ਵਿਚ ਬਿਲਕੁਲ ਸਹੀ ਜਾਣਕਾਰੀ ਭਰ ਕੇ ਆਪਣੇ ਸਬੰਧਿਤ ਬੀ.ਐਲ.ਓ. ਕੋਲ ਜਮਾਂ ਕਰਵਾਉਣ। ਇਸ ਦੌਰਾਨ ਮੁਹਿੰਮ ਦੇ ਸੋਧੇ ਹੋਏ ਸ਼ਡਿਊਲ ਪ੍ਰੋਗਰਾਮ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਵੀਪ ਟੀਮ ਦੇ ਮੈਂਬਰ ਸੁਰਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।