ਫ਼ਾਜ਼ਿਲਕਾ, 20 ਜੁਲਾਈ (ਦਵਿੰਦਰ ਪਾਲ ਸਿੰਘ)-ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਵਿਰੋਧ ਵਿਚ ਸੰਯੁਕਤ ਐਕਸ਼ਨ ਕਮੇਟੀ (ਜੇ.ਏ.ਸੀ.) ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਸਥਿਤ ਵੇਰਕਾ ਬੂਥ ਦੇ ਨੇੜੇ ਸ਼ਾਂਤੀਪੂਰਨ ਭੁੱਖ ਹੜਤਾਲ ਕੀਤੀ ਗਈ। ਭੁੱਖ ਹੜਤਾਲ ਦੀ ਅਗਵਾਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਐਡਵੋਕੇਟ ਸੁਤੰਤਰ ਜੋਤ ਸਿੰਘ ਗਿੱਲ ਨੇ ਕੀਤੀ। ਉਨ੍ਹਾਂ ਨਾਲ ਐਡਵੋਕੇਟ ਪ੍ਰਦੀਪ ਬੇਰੀਵਾਲ, ਨਰਿੰਦਰ ਮੈਣੀ, ਮੁਕੇਸ਼ ਸੁਆਮੀ, ਅਨਿਲ ਸੇਤੀਆ, ਵਿਕਰਮ ਸੋਲੰਕੀ, ਪ੍ਰਦੀਪ ਕੁਮਾਰ (ਗੋਲਡੀ), ਜੀਨਾਥ ਸੇਠੀ ਅਤੇ ਕਾਮੇਸ਼ਵਰ ਗੁੰਬਰ ਨੇ ਵੀ ਭੁੱਖ ਹੜਤਾਲ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੰਯੁਕਤ ਐਕਸ਼ਨ ਕਮੇਟੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ 20 ਅਤੇ 21 ਜੁਲਾਈ ਨੂੰ ਕੰਮ ਦਾ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ। ਵਕੀਲਾਂ ਨੇ ਕਿਹਾ ਕਿ ਇਹ ਸੰਘਰਸ਼ ਵਕੀਲ ਭਾਈਚਾਰੇ ਦੇ ਹਿਤਾਂ ਦੀ ਰਾਖੀ ਅਤੇ ਨਿਆਂ ਤੱਕ ਪ੍ਰਭਾਵਸ਼ਾਲੀ ਤੇ ਆਜ਼ਾਦ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ ਕੀਤਾ ਜਾ ਰਹਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਮੂਹ ਵਕੀਲਾਂ ਨੂੰ ‘ਨੋ ਵਰਕ’ ਦੀ ਪੂਰੀ ਪਾਲਨਾ ਕਰਨ ਅਤੇ ਭੁੱਖ ਹੜਤਾਲ ’ਤੇ ਬੈਠੇ ਵਕੀਲਾਂ ਦੇ ਸਮਰਥਨ ’ਚ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਅਹੁਦੇਦਾਰਾਂ ਨੇ ਸਪਸ਼ਟ ਕੀਤਾ ਕਿ ਐੱਲ.ਏ.ਡੀ.ਸੀ. ਪ੍ਰਣਾਲੀ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਵਕੀਲ ਭਾਈਚਾਰਾ ਆਪਣੇ ਹੱਕਾਂ ਦੀ ਰਾਖੀ ਲਈ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਲੜਾਈ ਲੜਦਾ ਰਹੇਗਾ।