ਅਬੋਹਰ, 20 ਜੁਲਾਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਿਹਤ ਵਿਭਾਗ ਵਲੋਂ ਅਬੋਹਰ ਦੇ ਐਲ.ਆਰ.ਐੱਸ ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਮੈਡੀਕਲ ਸਪੈਸ਼ਲਿਸਟ ਡਾ. ਸੁਬੀਨ ਇੰਦਰ ਕੌਰ ਨੇ ਦੱਸਿਆ ਕਿ ਐੱਚ.ਪੀ.ਵੀ ਵੈਕਸੀਨ ਇਕ ਸੁਰੱਖਿਆ ਵੈਕਸੀਨ ਹੈ, ਜੋ ਹਿਊਮਨ ਪੈਪੀਲੋਮਾ ਵਾਇਰਸ ਤੋਂ ਬਚਾਉਂਦੀ ਹੈ। ਇਹ ਵਾਇਰਸ ਜਣਨ ਮਸੇ ਅਤੇ ਕਈ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਸਰਵਾਈਕਲ ਕੈਂਸਰ, ਮੂੰਹ, ਗਲੇ, ਗੁਦਾ ਅਤੇ ਪੈਨਿਸ ਦੇ ਕੈਂਸਰ ਦਾ ਕਾਰਨ ਬਣਦਾ ਹੈ। ਇਹ ਵਾਇਰਸ 200 ਭਿਆਨਕ ਵਾਇਰਸਾਂ ਦਾ ਇਕ ਸਮੂਹ ਹੈ। ਜਿਸ ਵਿਚੋਂ ਟਾਈਪ 16 ਅਤੇ 18 ਸਭ ਤੋਂ ਵੱਧ ਖ਼ਤਰਨਾਕ ਹਨ ਅਤੇ ਔਰਤਾਂ ਵਿਚ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਬਣਦੇ ਹਨ। ਐੱਚ.ਪੀ.ਵੀ. ਨਾਲ ਸੰਕਰਮਿਤ ਜ਼ਿਆਦਾਤਰ ਲੋਕਾਂ ਵਿਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਅਤੇ ਇਹ ਬਿਨਾਂ ਜਾਣੇ ਦੂਜਿਆਂ ਤੱਕ ਫੈਲ ਸਕਦਾ ਹੈ। ਇਸ ਦੀ ਜਾਂਚ ਲਈ ਔਰਤਾਂ ਦਾ ਪੈਪ ਸਮੀਅਰ ਜਾਂ ਪੈਪ ਟੈੱਸਟ ਕੀਤਾ ਜਾਂਦਾ ਹੈ। ਨਿਯਮਤ ਪੈਪ ਸਮੀਅਰ ਟੈੱਸਟ ਔਰਤਾਂ ਵਿਚ ਅਸਧਾਰਨ ਸੈੱਲਾਂ ਦੀ ਪਛਾਣ ਕਰਨ ਵਿਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਐੱਚ.ਪੀ.ਵੀ ਵੈਕਸੀਨ ਬੱਚੀਆਂ ਨੂੰ ਇਸ ਵਾਇਰਸ ਤੋਂ ਬਚਾਅ ਵਿਚ ਪ੍ਰਭਾਵਸ਼ਾਲੀ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਡੋਜ਼ ਮੁਤਾਬਿਕ 14 ਤੋਂ 15 ਸਾਲ ਤੱਕ ਦੀ ਕੁੜੀਆਂ ਨੂੰ ਇਹ ਵੈਕਸੀਨ ਸਿਹਤ ਸੰਸਥਾਵਾਂ ਵਿਖੇ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਸਿੰਗਲ ਡੋਜ਼ ਦੇ ਰੂਪ ਵਿਚ ਖੱਬੇ ਮੋਢੇ ’ਤੇ ਲਗਾਈ ਜਾਂਦੀ ਹੈ। ਸਕੂਲ ਪ੍ਰਿੰਸੀਪਲ ਡਾ.ਸਮਿਤਾ ਨਾਰੰਗ ਨੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਮਾਪਿਆਂ ਨਾਲ ਇਸ ਵੈਕਸੀਨ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਇਹ ਵੈਕਸੀਨ ਜ਼ਰੂਰ ਲਗਵਾਉਣ। ਇਹ ਵੈਕਸੀਨ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਕੋਆਰਡੀਨੇਟਰ ਪ੍ਰੀਤੀ ਕਾਲੜਾ, ਜਸਪ੍ਰੀਤ ਕੌਰ ਅਤੇ ਸਕੂਲ ਵਿਦਿਆਰਥਣਾਂ ਮੌਜੂਦ ਸਨ।