ਮੰਡੀ ਘੁਬਾਇਆ, 20 ਜੁਲਾਈ ( ਅਮਨ ਬਵੇਜਾ) ਇਲਾਕੇ ਵਿਚ ਪੈ ਰਹੀ ਹੁੰਮ੍ਹਸ ਭਰੀ ਗਰਮੀ ਦੇ ਵਿਚਕਾਰ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਦਿਨ ਹੋਵੇ ਜਾਂ ਰਾਤ, ਵਾਰ—ਵਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਅਤੇ ਹੁੰਮ੍ਹਸ ਕਾਰਨ ਘਰਾਂ ਵਿਚ ਰਹਿਣਾ ਵੀ ਔਖਾ ਹੋ ਗਿਆ ਹੈ। ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕਈ ਵਾਰ ਬਿਨਾਂ ਕਿਸੇ ਸੂਚਨਾ ਦੇ ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹਿੰਦੀ ਹੈ। ਇਸ ਕਾਰਨ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਬੰਦ ਹੋ ਜਾਂਦੇ ਹਨ, ਜਿਸ ਨਾਲ ਛੋਟੇ ਬੱਚੇ, ਬਜ਼ੁਰਗ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪੈਂਦੀ ਹੈ। ਰਾਤ ਸਮੇਂ ਬਿਜਲੀ ਨਾ ਹੋਣ ਕਾਰਨ ਲੋਕਾਂ ਦੀ ਨੀਂਦ ਵੀ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਬਿਜਲੀ ਕੱਟਾਂ ਦਾ ਅਸਰ ਕਾਰੋਬਾਰ ਤੇ ਵੀ ਪੈ ਰਿਹਾ ਹੈ। ਛੋਟੇ ਉਦਯੋਗਾਂ, ਦੁਕਾਨਦਾਰਾਂ ਅਤੇ ਬਿਜਲੀ ਨਾਲ ਚੱਲਣ ਵਾਲੇ ਕਾਰੋਬਾਰਾਂ ਨੂੰ ਕੰਮ ਰੋਕਣਾ ਪੈ ਰਿਹਾ ਹੈ। ਕਿਸਾਨਾਂ ਨੇ ਵੀ ਦੱਸਿਆ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਮੋਟਰਾਂ ਨੂੰ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਬੇਲੋੜੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ, ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਕੱਟਾਂ ਦੀ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਹੁੰਮ੍ਹਸ ਭਰੀ ਗਰਮੀ ਵਿਚ ਲੋਕਾਂ ਦਾ ਜਿਊਣਾ ਹੋਰ ਵੀ ਦੁੱਭਰ ਹੋ ਜਾਵੇਗਾ।