ਅਬੋਹਰ, 20 ਜੁਲਾਈ (ਵਿਵੇਕ ਹੂੜੀਆ)-ਪੰਜਾਬ ਸਰਕਾਰ ਜਲਦ ਹੀ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਪਰਿਵਾਰ ਦੇ ਮੈਂਬਰਾਂ ਦੇ ਨਾਂਅ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲੋੜਵੰਦ ਅਤੇ ਗ਼ਰੀਬ ਵਰਗ ਦੇ ਹਿਤ ਵਿਚ ਲਗਾਤਾਰ ਜਨ-ਕਲਿਆਣਕਾਰੀ ਯੋਜਨਾਵਾਂ ਲਾਗੂ ਕਰ ਰਹੀ ਹੈ। ਇਹ ਸੁਵਿਧਾ ਸ਼ੁਰੂ ਹੋਣ ਨਾਲ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ। ਅਰੁਣ ਨਾਰੰਗ ਨੇ ਕਿਹਾ ਕਿ ਰਾਸ਼ਨ ਕਾਰਡ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਇਕ ਅਹਿਮ ਦਸਤਾਵੇਜ਼ ਹੈ। ਲੰਬੇ ਸਮੇਂ ਤੋਂ ਲੋਕ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪਰਿਵਾਰ ਦੇ ਛੁੱਟ ਗਏ ਮੈਂਬਰਾਂ ਦੇ ਨਾਂ ਦਰਜ ਕਰਵਾਉਣ ਦੀ ਮੰਗ ਕਰ ਰਹੇ ਸਨ। ਹੁਣ ਸਰਕਾਰ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਅਗਲੇ ਇਕ-ਦੋ ਦਿਨਾਂ ਵਿਚ ਇਸ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਅਜੇ ਤੱਕ ਰਾਸ਼ਨ ਕਾਰਡ ਨਹੀਂ ਬਣੇ ਹਨ, ਉਹ ਨਵੇਂ ਕਾਰਡ ਲਈ ਅਪਲਾਈ ਕਰ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਰਾਸ਼ਨ ਕਾਰਡ ਵਿਚ ਸ਼ਾਮਲ ਨਹੀਂ ਹੈ, ਉਹ ਵੀ ਨਿਰਧਾਰਿਤ ਪ੍ਰਕਿਰਿਆ ਤਹਿਤ ਨਾਂ ਜੁੜਵਾ ਸਕਣਗੇ। ਇਸ ਨਾਲ ਵੱਡੀ ਗਿਣਤੀ ’ਚ ਯੋਗ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਅਤੇ ਹੋਰ ਸੁਵਿਧਾਵਾਂ ਦਾ ਲਾਭ ਮਿਲੇਗਾ। ਅਰੁਣ ਨਾਰੰਗ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਮਨੋਰਥ ਸਰਕਾਰ ਦੀ ਹਰ ਭਲਾਈ ਯੋਜਨਾ ਦਾ ਲਾਭ ਸਮਾਜ ਦੇ ਅਖੀਰਲੇ ਵਿਅਕਤੀ ਤੱਕ ਪਹੁੰਚਾਉਣਾ ਹੈ।