ਅੰਮ੍ਰਿਤਸਰ, 20 ਜੁਲਾਈ (ਸੁਰਿੰਦਰ ਕੋਛੜ)-ਇਸਲਾਮਾਬਾਦ ਪਹੁੰਚੀ ਭਾਰਤੀ ਮੂਲ ਦੀ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਵਿਆਪਕ ਗੱਲਬਾਤ ਕਰਨ ਤੋਂ ਬਾਅਦ ਦੋਵੇਂ ਮੁਲਕ ਆਪਣੀ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਨ। ਮੀਟਿੰਗ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਇਸਹਾਕ ਡਾਰ ਨੇ ਅਨੀਤਾ ਆਨੰਦ ਦੀ ਇਸ ਫੇਰੀ ਨੂੰ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਫੇਰੀ ਦੁਵੱਲੇ ਸੰਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰੇਗੀ। ਦੱਸਣਯੋਗ ਹੈ ਕਿ ਅਨੀਤਾ ਦੇ ਪਿਤਾ ਡਾ: ਐੱਸ. ਵੀ. ਆਨੰਦ (ਜਨਰਲ ਸਰਜਨ) ਤਾਮਿਲਨਾਡੂ ਤੋਂ ਸਨ, ਜਦਕਿ ਮਾਂ ਸਰੋਜ ਡਾ: ਡੀ. ਰਾਮ (ਅਨੱਸਥੀਸੀਓਲੋਜਿਸਟ) ਪੰਜਾਬ ਤੋਂ ਸਨ। ਅਨੀਤਾ ਆਨੰਦ ਨੇ ਕਿਹਾ ਕਿ ਇਹ 20 ਸਾਲਾਂ ‘ਚ ਕਿਸੇ ਕੈਨੇਡੀਅਨ ਵਿਦੇਸ਼ ਮੰਤਰੀ ਦਾ ਪਾਕਿ ਦਾ ਪਹਿਲਾ ਦੌਰਾ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪਾਕਿ ਅਤੇ ਕੈਨੇਡਾ ਨੇ ਹੁਣ 80 ਸਾਲ ਦੇ ਕੂਟਨੀਤਕ ਸੰਬੰਧ ਪੂਰੇ ਕਰ ਲਏ ਹਨ। ਇਸ ਤੋਂ ਪਹਿਲਾਂ ਇਸਹਾਕ ਡਾਰ ਅਤੇ ਅਨੀਤਾ ਆਨੰਦ ਨੇ ਇਸਲਾਮਾਬਾਦ ‘ਚ ਵਫ਼ਦ-ਪੱਧਰੀ ਗੱਲਬਾਤ ਦੀ ਅਗਵਾਈ ਕੀਤੀ।
ਪਾਕਿ, ਕੈਨੇਡਾ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਹੋਏ ਸਹਿਮਤ
ਅਜੀਤ ਡੈਸਕ
21-07-2026