ਅਬੋਹਰ, 21 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪਿਛਲੇ ਕਈ ਦਿਨਾਂ ਤੋਂ ਜਿੱਥੇ ਨਗਰ ਨਿਗਮ ਅਬੋਹਰ ਦੇ ਸਫ਼ਾਈ ਸੇਵਕ ਹੜਤਾਲ ’ਤੇ ਚੱਲ ਰਹੇ ਹਨ, ਉੱਥੇ ਹੀ ਇਲਾਕੇ ਦੀ ਧਾਰਮਿਕ ਅਤੇ ਸਮਾਜਿਕ ਸੰਸਥਾ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਚੱਲ ਰਹੇ ਉਪਰਾਲਿਆਂ ਤਹਿਤ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਬੋਹਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਮਾ ਨੇ ਦੱਸਿਆ ਕਿ ਸ਼ਹਿਰ ਦੇ ਕਈ ਕੂੜਾ ਡੰਪ ਦੇ ਬਾਹਰ ਸੜਕਾਂ ’ਤੇ ਕੂੜਾ-ਕਰਕਟ ਖਿੱਲਰਿਆ ਹੋਇਆ ਸੀ, ਜਿਸ ਕਾਰਨ ਆਵਾਜਾਈ ਵਿਚ ਦਿੱਕਤਾਂ ਦੇ ਨਾਲ-ਨਾਲ ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਸੀ। ਇਸ ਨੂੰ ਧਿਆਨ ਵਿਚ ਰੱਖਦਿਆਂ ਸੰਸਥਾ ਦੇ ਸੇਵਾਦਾਰਾਂ ਨੇ ਆਪਣੇ ਸਾਧਨਾਂ ਨਾਲ ਕੂੜਾ ਇਕੱਠਾ ਕਰਕੇ ਇਲਾਕਿਆਂ ਦੀ ਸਫ਼ਾਈ ਕੀਤੀ। ਇਹ ਸਫ਼ਾਈ ਅਭਿਆਨ ਮਲੋਟ ਚੌਂਕ ਥਾਣੇ ਦੇ ਨਜ਼ਦੀਕ, ਸਟੇਡੀਅਮ ਦੇ ਬਾਹਰ ਡਾਕਖ਼ਾਨੇ ਕੋਲ ਅਤੇ ਜੇ.ਪੀ ਪਾਰਕ ਨਵੀਂ ਆਬਾਦੀ ਸਕੂਲ ਦੇ ਨੇੜੇ ਚਲਾਇਆ ਗਿਆ। ਸੇਵਾਦਾਰਾਂ ਨੇ ਸੜਕਾਂ ਅਤੇ ਡੰਪਾਂ ਦੇ ਆਲੇ-ਦੁਆਲੇ ਖਿੱਲਰੇ ਕੂੜੇ ਨੂੰ ਇਕੱਠਾ ਕਰਕੇ ਇਲਾਕਿਆਂ ਨੂੰ ਸਾਫ਼-ਸੁਥਰਾ ਬਣਾਇਆ। ਇਸ ਮੌਕੇ ਸੁਸਾਇਟੀ ਦੇ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਸਿਰਫ਼ ਨਿਰਧਾਰਿਤ ਡੰਪਾਂ ਵਿਚ ਹੀ ਪਾਇਆ ਜਾਵੇ ਅਤੇ ਜਨਤਕ ਥਾਵਾਂ ਨੂੰ ਗੰਦਾ ਨਾ ਕੀਤਾ ਜਾਵੇ। ਇਸ ਸਫ਼ਾਈ ਅਭਿਆਨ ਵਿਚ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਮਾ, ਬਲਜੀਤ ਸਿੰਘ ਭੁੱਲਰ, ਜਤਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਚਲਾਣਾ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਬਾਬਾ ਗੋਲਡੀ ਅਤੇ ਗੈਬੀ ਵੀਰ ਸਮੇਤ ਹੋਰ ਸੇਵਾਦਾਰਾਂ ਨੇ ਸਰਗਰਮ ਭੂਮਿਕਾ ਨਿਭਾਈ।