ਜਲਾਲਾਬਾਦ, 21 ਜੁਲਾਈ (ਕਰਨ ਚੁਚਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ.ਡਿਪਾਰਟਮੈਂਟ ਦੇ ਸਾਬਕਾ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਨਾ ਮੰਨੇ ਜਾਣ ਕਾਰਨ ਉਹ ਹੜਤਾਲ ’ਤੇ ਹਨ। ਇਸ ਵਜਾ ਨਾਲ ਜਲਾਲਾਬਾਦ ਸ਼ਹਿਰ ਦੀ ਨਗਰ ਕੌਂਸਲ ਹਦੂਦ ਅੰਦਰ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਥਾਂ-ਥਾਂ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਣ ਕਾਰਨ ਇਲਾਕੇ ਵਿਚ ਬਿਮਾਰੀਆਂ ਅਤੇ ਮਹਾਂਮਾਰੀ ਫੈਲਣ ਦਾ ਗੰਭੀਰ ਖ਼ਦਸ਼ਾ ਬਣਿਆ ਹੋਇਆ ਹੈ। ਰਾਜ ਬਖ਼ਸ਼ ਕੰਬੋਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 2022 ਦੀਆਂ ਚੋਣਾਂ ਸਮੇਂ ਸਫ਼ਾਈ ਕਰਮਚਾਰੀਆਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਕਰਮਚਾਰੀ ਹੜਤਾਲ ਖ਼ਤਮ ਕਰਕੇ ਜਲਦੀ ਕੰਮ ’ਤੇ ਪਰਤ ਸਕਣ ਅਤੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਕਾਂਗਰਸ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਸੁਮਿਤ ਛਾਬੜਾ, ਪਰਮਜੀਤ ਸੇਵਾਮੁਕਤ ਥਾਣੇਦਾਰ, ਚੇਅਰਮੈਨ ਮੰਗਤ ਰਾਮ ਚੁੱਘ, ਪ੍ਰਭਪ੍ਰੀਤ ਸਿੰਘ ਬੱਬਲੂ, ਰਾਮਪਾਲ, ਅਸ਼ੋਕ ਕਾਠਪਾਲ, ਵਿਨੋਦ ਸੈਨ ਅਤੇ ਗੋਰਾ ਲਾਧੂਕਾ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।