ਫ਼ਾਜ਼ਿਲਕਾ, 22 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਦੀ ਟੀਮ ਵਿਚਾਲੇ ਤਿੱਖੀ ਬਹਿਸ ਹੋ ਗਈ। ਬਰਸਾਤ ਦੇ ਮੌਸਮ ਵਿਚ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਜਦੋਂ ਨਗਰ ਕੌਂਸਲ ਦੀ ਟੀਮ ਫਰੀਡਮ ਫਾਈਟਰ ਰੋਡ ਤੋਂ ਮਸ਼ੀਨਾਂ ਨਾਲ ਕੂੜਾ ਚੁੱਕਣ ਪਹੁੰਚੀ ਤਾਂ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨੇ ਮੌਕੇ ’ਤੇ ਪਹੁੰਚ ਕੇ ਭਾਰੀ ਹੰਗਾਮਾ ਕੀਤਾ ਅਤੇ ਕਾਮਿਆਂ ਨੂੰ ਕੂੜਾ ਚੁੱਕਣ ਤੋਂ ਰੋਕ ਦਿੱਤਾ। ਨਗਰ ਕੌਂਸਲ ਦੇ ਈ.ਓ.ਵੀਰ ਵਿਕਰਮ ਧੂੜੀਆ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਜ਼ਰੂਰੀ ਥਾਵਾਂ ਤੋਂ ਕੂੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੌਕੇ ’ਤੇ ਸਥਿਤੀ ਵਿਗੜਦੀ ਦੇਖ ਕੇ ਪੁਲਿਸ ਬੁਲਾਉਣੀ ਪਈ ਅਤੇ ਕੌਂਸਲ ਟੀਮ ਨੂੰ ਬਿਨਾਂ ਕੂੜਾ ਚੁੱਕੇ ਵਾਪਸ ਮੁੜਨਾ ਪਿਆ। ਈ.ਓ.ਨੇ ਕਿਹਾ ਕਿ ਮਸਲੇ ਨੂੰ ਹੱਲ ਕਰਨ ਲਈ ਸਫ਼ਾਈ ਸੇਵਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।