ਫ਼ਾਜ਼ਿਲਕਾ, 26 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਬਾਂਡੀਵਾਲਾ ਦੇ ਜੰਮਪਲ ਅਤੇ ਹੀਰੋ ਹਾਰਟ ਡੀ.ਐੱਮ.ਸੀ.ਲੁਧਿਆਣਾ ਦੇ ਚੀਫ਼ ਕਾਰਡੀਓਲਾਜਿਸਟ ਡਾ.ਜੀ.ਐੱਸ.ਵਾਂਡਰ ਨੇ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਵਾਤਾਵਰਨ ਸੰਭਾਲ ਦੀ ਵੀ ਇਕ ਬੇਮਿਸਾਲ ਮਿਸਾਲ ਕਾਇਮ ਕੀਤੀ ਹੈ। ਆਪਣੇ ਪਰਮ ਮਿੱਤਰ ਅਤੇ ਵਾਤਾਵਰਨ ਪ੍ਰੇਮੀ ਵਿਜੇ ਮੈਣੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਅਬੋਹਰ ਰੋਡ ’ਤੇ ਸ਼ਤੀਰ ਵਾਲਾ ਚੌਂਕ ਨੇੜੇ 2.5 ਏਕੜ ਬੰਜਰ ਜ਼ਮੀਨ ’ਤੇ ਲਗਭਗ 1,125 ਪੌਦੇ ਲਗਾ ਕੇ ਇਸ ਨੂੰ ਹਰਿਆਲੀ ਵਿਚ ਬਦਲ ਦਿੱਤਾ ਹੈ। ਇਸ ਮੁਹਿੰਮ ਵਿਚ ਜੰਗਲਾਤ ਵਿਭਾਗ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। 75 ਸਾਲਾ ਵਿਜੇ ਮੈਣੀ ਦੇ ਜਜ਼ਬੇ ਅਤੇ ਦੇਖ-ਰੇਖ ਹੇਠ ਤਿਆਰ ਹੋਏ ਇਸ ਖੇਤਰ ਨੂੰ ਹੁਣ ਲੋਕ ‘ਮੀਆਵਾਕੀ ਜੰਗਲ’ ਦੇ ਨਾਮ ਨਾਲ ਜਾਣਦੇ ਹਨ। ਖੇਤੀ ਖ਼ਸਮਾਂ ਸੇਤੀ ਦੀ ਕਹਾਵਤ ’ਤੇ ਚੱਲਦਿਆਂ ਵਿਜੇ ਮੈਣੀ ਰੋਜ਼ਾਨਾ ਇਸ ਦੀ ਦੇਖਭਾਲ ਕਰਦੇ ਹਨ, ਜਦੋਂ ਕਿ ਡਾ.ਵਾਂਡਰ ਵੀ ਸਮਾਂ ਮਿਲਣ ’ਤੇ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਕੁਦਰਤ ਨਾਲ ਜੁੜਦੇ ਹਨ। ਇਹ ਪਹਿਲ ਸਮਾਜ ਲਈ ਇਕ ਵੱਡੀ ਪ੍ਰੇਰਨਾ ਸਰੋਤ ਬਣ ਕੇ ਉੱਭਰੀ ਹੈ।