ਅਬੋਹਰ, 28 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਅਬੋਹਰ ਵਲੋਂ ਠੇਕਾ ਮੁਲਾਜ਼ਮਾਂ ਦੀ ਹੜਤਾਲ ਅਤੇ ਸੰਘਰਸ਼ ਨੂੰ ਸਮਰਥਨ ਦਿੰਦੇ ਹੋਏ ਸ਼ਹਿਰ ਵਿਚ ਰੋਸ ਰੈਲੀ ਕੀਤੀ ਗਈ। ਇਸ ਸੰਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਜੁਆਇੰਟ ਫੋਰਮ ਅਤੇ ਏਕਤਾ ਮੰਚ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਮੂਹਿਕ ਛੁੱਟੀ ਦਾ ਫ਼ੈਸਲਾ ਕੀਤਾ ਗਿਆ ਸੀ। ਬਿਜਲੀ ਮੁਲਾਜ਼ਮਾਂ ਵਲੋਂ ਵੱਡੇ ਪੱਧਰ ’ਤੇ ਹੜਤਾਲ ਕੀਤੀ ਗਈ। ਜੁਆਇੰਟ ਫੋਰਮ ਅਤੇ ਏਕਤਾ ਮੰਚ ਵਲੋਂ ਠੇਕਾ ਮੁਲਾਜ਼ਮਾਂ ਨੂੰ ਸੰਘਰਸ਼ ’ਚ ਸਾਥ ਦੇਣ ਦਾ ਸੱਦਾ ਦਿੱਤਾ ਗਿਆ ਅਤੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਜਾਰੀ ਜਿਸ ਤਹਿਤ ਸੰਘਰਸ਼ ਕਮੇਟੀ ਦੇ ਦਬਾਅ ਸਦਕਾ ਮੈਨੇਜਮੈਂਟ ਵਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਆਗੂਆਂ ਵਲੋਂ ਬਿਨਾਂ ਕੋਈ ਮੰਗ ਮਨਵਾਏ ਸੰਘਰਸ਼ ਵਾਪਸ ਲੈ ਲਿਆ ਗਿਆ ਪਰ ਠੇਕਾ ਮੁਲਾਜ਼ਮਾਂ ਵਲੋਂ ਆਪਣੀ ਹੜਤਾਲ ਅਤੇ ਸੰਘਰਸ਼ ਜਾਰੀ ਹੈ। ਜਿਸ ਦੀ ਹਮਾਇਤ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਮੰਡਲ ਪੱਧਰ ਤੇ ਧਰਨੇ ਦੇਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਠੇਕੇ ਮੁਲਾਜ਼ਮਾਂ ਦੀਆਂ ਮੰਗਾਂ ਵੀ ਜਲਦ ਮੰਨੇ ਜਾਣ ਦੀ ਅਪੀਲ ਕੀਤੀ। ਰੋਸ ਰੈਲੀ ਨੂੰ ਰਜਿੰਦਰ ਕੁਮਾਰ, ਮਾਇਆ ਪ੍ਰਕਾਸ਼, ਅਨੀਦਾਨ, ਉਰਮਿੰਦਰ ਸਿੰਘ, ਜਤਿੰਦਰ ਕੁਮਾਰ, ਇਕਬਾਲ ਸਿੰਘ, ਹਰਦੀਪ ਸਿੰਘ, ਵਿਜੈ ਕੁਮਾਰ, ਸੁਰੇਸ਼ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।