ਅਬੋਹਰ, 29 ਜੁਲਾਈ (ਵਿਵੇਕ ਹੂੜੀਆ)-ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਖੂਈਆਂ ਸਰਵਰ ਤੋਂ ਹਾਈਵੇ ਨੂੰ ਜੋੜਨ ਵਾਲੀ ਫਿਰਨੀ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ’ਤੇ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਕਿਹਾ ਕਿ ਮਾਤਰ 3 ਮਹੀਨੇ ਪਹਿਲਾਂ ਬਣੀ ਇਹ ਸੜਕ ਥਾਂ-ਥਾਂ ਤੋਂ ਉੱਖੜ ਚੁੱਕੀ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਦੇ ਟੈਕਸ ਦੇ ਪੈਸੇ ਦੀ ਖੁੱਲ੍ਹੀ ਲੁੱਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸੜਕ ’ਚ ਮੈਟੀਰੀਅਲ ਨਾਲੋਂ ਵੱਧ ਭ੍ਰਿਸ਼ਟਾਚਾਰ ਦੀ ਪਰਤ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੜਕ ਨਹੀਂ ਟੁੱਟੀ, ਪੰਜਾਬ ਸਰਕਾਰ ਦੇ ਝੂਠੇ ਵਿਕਾਸ ਦੇ ਦਾਅਵੇ ਖਿੱਲਰੇ ਹਨ। ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ‘ਕੀ ਇਹੋ ਹੀ ਰੰਗਲਾ ਪੰਜਾਬ’ ਦੀ ਤਸਵੀਰ ਹੈ? ਉਨ੍ਹਾਂ ਮੰਗ ਕੀਤੀ ਕਿ ਇਸ ਘਟੀਆ ਨਿਰਮਾਣ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ, ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੜਕ ਦਾ ਦੁਬਾਰਾ ਵਧੀਆ ਨਿਰਮਾਣ ਕਰਵਾਇਆ ਜਾਵੇ।