ਜਲਾਲਾਬਾਦ, 29 ਜੁਲਾਈ(ਜਤਿੰਦਰ ਪਾਲ ਸਿੰਘ)-ਭਾਈ ਕਨ੍ਹਈਆ ਵੈੱਲਫੇਅਰ ਸੁਸਾਇਟੀ ਵਲੋਂ ਸਥਿਤ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਗੁਰਦੁਆਰਾ ਸ੍ਰੀ ਰਾਮਗੜ੍ਹੀਆ ਸਾਹਿਬ ਵਿਖੇ ਹਰ ਬੁੱਧਵਾਰ ਦੀ ਤਰਾਂ ਹਫ਼ਤਾਵਾਰੀ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ 50 ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ। ਕੈਂਪ ਦੌਰਾਨ ਡਾ.ਜੋਤੀ ਛਾਬੜਾ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਆਯੁਰਵੈਦਿਕ ਦਵਾਈਆਂ ਦਿੱਤੀਆਂ। ਡਾ. ਜੋਤੀ ਛਾਬੜਾ ਨੇ ਕਿਹਾ ਕਿ ਆਯੁਰਵੈਦਿਕ ਇਲਾਜ ਸਰੀਰ ਦੀ ਮੂਲ ਸਮੱਸਿਆ ‘ਤੇ ਕੰਮ ਕਰਦਾ ਹੈ ਅਤੇ ਨਿਯਮਿਤ ਇਲਾਜ ਨਾਲ ਕਈ ਬਿਮਾਰੀਆਂ ਵਿਚ ਚੰਗੇ ਨਤੀਜੇ ਮਿਲਦੇ ਹਨ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਲੋੜ ਪੈਣ ’ਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਉਦੇਸ਼ ਲੋੜਵੰਦ ਲੋਕਾਂ ਤੱਕ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਹਰ ਬੁੱਧਵਾਰ ਲਗਾਇਆ ਜਾਂਦਾ ਹੈ ਅਤੇ ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਵੀ ਲੋੜਵੰਦ ਮਰੀਜ਼ਾਂ ਨੂੰ ਇਸ ਸੇਵਾ ਨਾਲ ਜੋੜਨ ਦੀ ਅਪੀਲ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸੱਗੂ, ਸਕੱਤਰ ਭਗਵਾਨ ਸਿੰਘ ਸੱਗੂ, ਖ਼ਜ਼ਾਨਚੀ ਗੁਰਮੀਤ ਸਿੰਘ ਵਿਰਦੀ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।