14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਓ ਸ਼ਰਧਾਂਜਲੀ ਦੇਈਏ 1947 ਦੇ ਵੰਡ ਸਮੇਂ ਮੌਤ ਦੇ ਘਾਟ ਉੱਤਰੇ ਲੱਖਾਂ ਪੰਜਾਬੀਆਂ ਨੂੰ

ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-1947 ਦੀ ਭਾਰਤ-ਪਾਕਿਸਤਾਨ ਵੰਡ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਸੀ। ਜਿਸ ’ਚ ਵਿਸ਼ੇਸ਼ ਕਰਕੇ ਲੱਖਾਂ ਪੰਜਾਬੀਆਂ ਨੂੰ ਇਸ ਦੁਖਾਂਤ ’ਚੋਂ ਗੁਜ਼ਰਦਿਆਂ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ।

Ad Position 21
No active advertisement
ਅਜੀਤ ਡੈਸਕ 15-08-2026
ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-1947 ਦੀ ਭਾਰਤ-ਪਾਕਿਸਤਾਨ ਵੰਡ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਸੀ। ਜਿਸ ’ਚ ਵਿਸ਼ੇਸ਼ ਕਰਕੇ ਲੱਖਾਂ ਪੰਜਾਬੀਆਂ ਨੂੰ ਇਸ ਦੁਖਾਂਤ ’ਚੋਂ ਗੁਜ਼ਰਦਿਆਂ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਇਸ ਤੋਂ ਇਲਾਵਾ ਆਪਣੇ ਘਰਾਂ ਅੰਦਰ ਖ਼ੁਸ਼ਹਾਲੀ ਦਾ ਜੀਵਨ ਬਿਤਾ ਰਹੇ ਪੰਜਾਬੀ ਅਜਿਹੇ ਉਜਾੜੇ ਦਾ ਸ਼ਿਕਾਰ ਹੋਏ ਕਿ ਦੋ ਵਕਤ ਦੀ ਰੋਟੀ ਵੀ ਖਾਣੀ ਉਨ੍ਹਾਂ ਲਈ ਮੁਸ਼ਕਿਲ ਹੋ ਗਈ। ਇਸ ਵੰਡ ਦੇ ਵਿਚ ਭਾਵੇਂ ਬੰਗਾਲ ਦਾ ਵੀ ਬਹੁਤ ਨੁਕਸਾਨ ਹੋਇਆ ਪਰ 80 ਪ੍ਰਤੀਸ਼ਤ ਦੁੱਖ ਸਿਰਫ਼ ਪੰਜਾਬੀਆਂ ਨੂੰ ਸਹਿਣੇ ਪਏ। ਵੰਡ ਤੋਂ ਪਹਿਲਾਂ ਸੈਂਕੜੇ ਏਕੜ ਜ਼ਮੀਨਾਂ ’ਤੇ ਖੇਤੀ ਕਰਦੇ ਲੋਕਾਂ ਨੂੰ ਵੰਡ ਤੋਂ ਬਾਅਦ ਨਾ ਮਾਤਰ ਜ਼ਮੀਨਾਂ ਅਲਾਟ ਕੀਤੀਆਂ ਗਈਆਂ। ਉਪਜਾਊ ਜ਼ਮੀਨਾਂ ਨੂੰ ਛੱਡ ਕੇ ਟਿੱਬਿਆਂ ਦੇ ਕੱਚੇ ਰੇਤੇ ਦਾ ਸਾਹਮਣਾ ਕਰਨਾ ਪਿਆ। ਇਸ ਦੁਖਾਂਤ ਤੋਂ ਬਾਅਦ ਸਮੇਂ ਦੇ ਹੁਕਮਰਾਨਾਂ ਨੇ ਵੀ ਪੰਜਾਬੀਆਂ ਦੇ ਮੁੜ ਵਸੇਵੇਂ ਲਈ ਉਹ ਕੰਮ ਨਹੀਂ ਕੀਤੇ ਜੋ ਉਨ੍ਹਾਂ ਦਾ ਫ਼ਰਜ਼ ਬਣਦਾ ਸੀ। ਭਾਵੇਂ ਹੁਣ 1947 ਦੇ ਵੰਡ ਦਾ ਦੁਖਾਂਤ ਦੇਖਣ ਵਾਲੇ ਲੋਕਾਂ ਦੀ ਪੀੜ੍ਹੀ ਖ਼ਤਮ ਹੋਣ ਦੇ ਨੇੜੇ ਹੈ। ਜ਼ਿਆਦਾਤਰ ਉੱਜੜ ਕੇ ਆਏ ਲੋਕਾਂ ਨੇ ਆਪਣਾ ਟਿਕਾਣਾ ਸਰਹੱਦੀ ਖੇਤਰ ਦੇ ਸ਼ਹਿਰਾਂ ’ਚ ਹੀ ਵਸਾਇਆ। ਜੋ ਹੱਡਬੀਤੀਆਂ ਸਾਡੇ ਬਜ਼ੁਰਗਾਂ ਨੇ ਸੁਣਾਈਆਂ ਉਹ ਸੁਣ ਕੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ। ਜਾਣਕਾਰੀ ਅਨੁਸਾਰ 15 ਅਗਸਤ 1947 ਦੇ ਦੁਖਾਂਤ ਤੋਂ ਪਹਿਲਾ ਪਾਕਿਸਤਾਨ ਦੇ ਬਹੁ ਗਿਣਤੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਅੰਦਰ ਦੰਗੇ ਕਰੀਬ ਇਕ ਸਾਲ ਪਹਿਲਾ ਹੀ ਸ਼ੁਰੂ ਹੋ ਚੁੱਕੇ ਸਨ। ਜਦ ਵੰਡ ਦਾ ਐਲਾਨ ਹੋਇਆ ਤਾਂ ਘੁੱਗ ਵੱਸਦੇ ਪਿੰਡਾਂ ਅੰਦਰ ਜਾਤੀਵਾਦ ਦੀ ਅਜਿਹੀ ਹਨੇਰੀ ਝੁੱਲੀ ਕਿ ਪਾਕਿਸਤਾਨੀ ਪਿੰਡਾਂ ਅੰਦਰ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ ਦੀ ਵੱਢ ਟੁੱਕ ਤੋਂ ਇਲਾਵਾ ਔਰਤਾਂ, ਲੜਕੀਆਂ ਨੂੰ ਬੇਪੱਤ ਕੀਤਾ ਜਾਣ ਲੱਗਿਆ ਤਾਂ ਫਿਰ ਘਰ ਦੇ ਮੁਖੀਆਂ ਨੇ ਘਰ ਦੀ ਇੱਜ਼ਤ ਰੁਲਦੀ ਨਾ ਦੇਖ ਕੇ ਔਰਤਾਂ ਅਤੇ ਮੁਟਿਆਰ ਲੜਕੀਆਂ ਨੂੰ ਆਪਣੇ ਹੱਥੀਂ ਹੀ ਮੌਤ ਦੇ ਘਾਟ ਉਤਾਰਨ ਲੱਗੇ ਅਤੇ ਕੁੱਝ ਔਰਤਾਂ ਅਤੇ ਲੜਕੀਆਂ ਨੇੜੇ ਪੈਂਦੇ ਖੂਹਾਂ ਵਿਚ ਛਾਲਾਂ ਮਾਰ ਗਈਆਂ। ਫਿਰ ਚੀਕ ਚਿਹਾੜਿਆਂ ਅੰਦਰ ਕਾਫ਼ਲਿਆਂ ਦੇ ਰੂਪ ਵਿਚ ਲੋਕ ਪਿੰਡਾਂ ਅਤੇ ਸ਼ਹਿਰਾਂ ਵਿਚ ਭਰੇ ਭਰਾਏ ਘਰ ਛੱਡ ਕੇ ਦੇਸ਼ ਛੱਡਣ ਲੱਗੇ। ਬਜ਼ੁਰਗ ਲੋਕਾਂ ਦਾ ਕਹਿਣਾ ਸੀ ਕਿ ਆਪਾਂ ਹਫ਼ਤੇ ਬਾਅਦ ਮੁੜ ਹੀ ਆਉਣਾ ਹੈ, ਆਗੂਆਂ ਵਿਚ ਆਪਸੀ ਸੰਧੀ ਹੋ ਜਾਵੇਗੀ, ਪਰ ਉਸ ਵੇਲੇ ਦੇ ਭੋਲੇ ਭਾਲੇ ਲੋਕ ਉਸ ਸਮੇਂ ਦੇ ਲੀਡਰਾਂ ਦੀਆਂ ਨੀਅਤ ਤੋਂ ਜਾਣੂ ਨਹੀਂ ਸਨ। ਚੜ੍ਹਦੇ ਪੰਜਾਬ ਦੇ ਲੋਕਾਂ ਜੋ ਰੋਟੀ ਲਈ ਹੱਡ-ਭੰਨਵੀਂ ਮਿਹਨਤ ਕਰਨੀ ਪਈ, ਉਹ ਨਾ ਲਿਖਣ ਅਤੇ ਨਾ ਦੱਸਣਯੋਗ ਹੈ। ਵੱਡੇ-ਵੱਡੇ ਕਿਸਾਨਾਂ ਨੂੰ ਕੀ ਕੰਮ ਕਰਨੇ ਪੈ ਗਏ ਸਨ। ਪਰ ਸਮੇਂ ਦੀਆਂ ਸਰਕਾਰਾਂ ਨੂੰ ਉਜਾੜੇ ਵਾਲੇ ਸੂਬਿਆਂ ਨੂੰ ਜੋ ਵੱਧ ਹੱਕ ਮਿਲਣੇ ਚਾਹੀਦੇ ਸਨ ਉਹ ਨਹੀਂ ਦਿੱਤੇ ਗਏ। ਜਿਸ ਕਰਕੇ 50 ਸਾਲ ਤੱਕ ਸਰਹੱਦੀ ਖੇਤਰ ਦੇ ਲੋਕ ਸਿਰਫ਼ ਰੋਜ਼ੀ ਰੋਟੀ ਲਈ ਹੀ ਸੰਘਰਸ਼ ਕਰਦੇ ਰਹੇ। ਅੱਜ ਵੀ ਬਾਰਡਰ ਏਰੀਆ ਅੰਦਰ ਵੱਸਦੇ ਤੀਸਰੀ ਅਤੇ ਚੌਥੀ ਪੀੜ੍ਹੀ ਦੇ ਪਰਿਵਾਰ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਵੰਡ ਦੀ ਦਾਸਤਾ ਸੁਣਾਉਣ ਵਾਲੇ ਬਜ਼ੁਰਗ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਨੇ ਜਾਤ ਧਰਮ ਦੇ ਨਾਂਅ ’ਤੇ ਰਾਖਵਾਂਕਰਨ ਤਾਂ ਸ਼ੁਰੂ ਕਰ ਦਿੱਤਾ ਪਰ 1947 ਦਾ ਦੁਖਾਂਤ ਸਹਿਣ ਵਾਲੇ ਪੰਜਾਬੀ, ਜੋ ਵਿਸ਼ੇਸ਼ ਰਾਖਵਾਂਕਰਨ ਦੇ ਹੱਕਦਾਰ ਸਨ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪਾਇਆ। ਅੱਜ ਵੀ ਸਰਹੱਦੀ ਜ਼ਿਲ੍ਹਿਆਂ ਅੰਦਰ ਵੱਸਣ ਵਾਲੀ ਆਬਾਦੀ ਨੂੰ ਹਮੇਸ਼ਾ ਦੋਵਾਂ ਮੁਲਕਾਂ ਦੇ ਵਿਚਕਾਰ ਯੁੱਧ ਦਾ ਡਰ ਅਤੇ ਹੜ੍ਹਾਂ ਦਾ ਡਰ ਸਿਰ ’ਤੇ ਮੰਡਰਾਉਂਦਾ ਹੈ। ਬਜ਼ੁਰਗ ਹਰਬੰਸ ਸਿੰਘ, ਮਾਤਾ ਹਰਭਜਨ ਕੌਰ, ਕਰਮ ਸਿੰਘ, ਸ੍ਰੀਮਤੀ ਕਰਤਾਰ ਕੌਰ ਆਦਿ ਪਿੰਡੇ ’ਤੇ ਸੰਤਾਪ ਹੰਢਾਉਣ ਵਾਲੇ ਲੋਕ ਇਹ ਸੰਤਾਪ ਦੀਆਂ ਗੱਲਾਂ ਦੱਸਣ ਸਮੇਂ ਭਾਵੁਕ ਹੋ ਕੇ ਭੁੱਬਾਂ ਮਾਰਦੇ ਦੇਖੇ ਜਾਂਦੇ ਸਨ, ਆਓ ਅੱਜ ਆਪਾਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਦੁਖਾਂਤ ਦੌਰਾਨ ਵਿੱਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਭਵਿੱਖ ਵਿਚ ਅਜਿਹਾ ਦੁਖਾਂਤ ਕਿਧਰੇ ਵੀ ਨਾ ਵਾਪਰੇ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਿਓ-ਪੁੱਤ ਨਹਿਰ ’ਚ ਡਿੱਗੇ, ਪਿਓ ਦੀ ਮੌਤ ਅਗਲੀ ਖ਼ਬਰ ਸੁਖਬੀਰ ’ਤੇ ਹਮਲੇ ਦੀ ਰਚੀ ਗਈ ਡੂੰਘੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਵੇ-ਸਤਪਾਲ ਸਿੰਘ ਤਲਵੰਡੀ
Ad Position 24