21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਨੂੰ ਫ਼ਾਜ਼ਿਲਕਾ ਜ਼ਿਲ੍ਹੇ ’ਚ ਮਿਲਿਆ ਭਰਵਾਂ ਹੁੰਗਾਰਾ ਹਾਈਵੇ ਰਿਹਾ ਜਾਮ, ਬੱਸ ਸੇਵਾ ਠੱਪ, ਬਾਜ਼ਾਰਾਂ ’ਚ ਛਾਇਆ ਸੰਨਾਟਾ, ਪ੍ਰਾਈਵੇਟ ਸਕੂਲ ਵੀ ਰਹੇ ਬੰਦ

ਫ਼ਾਜ਼ਿਲਕਾ, 21 ਅਗਸਤ (ਦਵਿੰਦਰ ਪਾਲ ਸਿੰਘ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲਿਆ। ਫ਼ਾਜ਼ਿਲਕਾ ਸ਼ਹਿਰ ਵਿਚ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ।

Ad Position 21
No active advertisement
ਬੱਲੂਆਣਾ ਕਸਬੇ ’ਚ ਆਮ ਵਾਂਗ ਖੁੱਲ੍ਹੀਆਂ ਦੁਕਾਨਾਂ। ਤਸਵੀਰਾਂ-ਜਸਮੇਲ ਸਿੰਘ ਢਿੱਲੋਂ 22-08-2026
ਫ਼ਾਜ਼ਿਲਕਾ, 21 ਅਗਸਤ (ਦਵਿੰਦਰ ਪਾਲ ਸਿੰਘ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲਿਆ। ਫ਼ਾਜ਼ਿਲਕਾ ਸ਼ਹਿਰ ਵਿਚ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਦਿਨ ਭਰ ਸੰਨਾਟਾ ਛਾਇਆ ਰਿਹਾ। ਬੰਦ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਰੇਲਵੇ ਫਲਾਈਓਵਰ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਈਵੇ ਜਾਮ ਹੋਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਬੰਦ ਦੇ ਚੱਲਦਿਆਂ ਫ਼ਾਜ਼ਿਲਕਾ ਦੇ ਬੱਸ ਅੱਡੇ ਤੋਂ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਸੇਵਾ ਵੀ ਪ੍ਰਭਾਵਿਤ ਰਹੀ। ਬੱਸਾਂ ਅੱਡੇ ਅੰਦਰ ਖੜ੍ਹੀਆਂ ਰਹੀਆਂ ਅਤੇ ਸਵਾਰੀਆਂ ਨੂੰ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਵੀ ਬੰਦ ਰਹੇ। ਫ਼ਾਜ਼ਿਲਕਾ ਵਪਾਰ ਮੰਡਲ ਵਲੋਂ ਵੀ ਅਹਤਿਆਤ ਵਜੋਂ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਵਪਾਰਕ ਅਦਾਰੇ ਵੱਡੀ ਗਿਣਤੀ ਵਿਚ ਬੰਦ ਰਹੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਤੇ ਇਸ ਮੰਗ ਨੂੰ ਲੈ ਕੇ ਸੰਘਰਸ਼ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਪੰਜਾਬ ਬੰਦ ਦੌਰਾਨ ਵਪਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਦੱਸਿਆ ਗਿਆ ਕਿ ਬੰਦ ਦੌਰਾਨ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋਇਆ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ। ਇਸ ਮੌਕੇ ਦਵਿੰਦਰ ਪਾਲ ਸਿੰਘ ਕਮਾਲ ਵਾਲਾ, ਹਰਬੰਸ ਸਿੰਘ ਵੈਰੜ ਪ੍ਰਧਾਨ ਕਿਸਾਨ ਭਲਾਈ ਸਭਾ, ਸਵਰਨ ਸਿੰਘ, ਬਲਜੀਤ ਸਿੰਘ, ਸੂਰਤ ਸਿੰਘ, ਗੁਰਭੇਜ ਸਿੰਘ, ਜਸਵੀਰ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਨਸਾ, ਚੰਦਰ ਕੁਮਾਰ, ਕੁਲਦੀਪ ਸਿੰਘ ਜਨਰਲ ਸਕੱਤਰ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਚਾਨਣ ਸਿੰਘ, ਸੁੱਚਾ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਜਸਪਾਲ ਸਿੰਘ, ਗੁਰਮੀਤ ਸਿੰਘ ਰਾਣੂ, ਡਾ. ਬਲਬੀਰ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਦਵਿੰਦਰ ਸਿੰਘ ਅਹੂਜਾ, ਪ੍ਰਭਜੀਤ ਸਿੰਘ, ਅਮਰੀਕ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ। ਪੰਜਾਬ ਬੰਦ ਨੂੰ ਅਬੋਹਰ ਵਿਚ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਮੁਕੰਮਲ ਬੰਦ * ਬੰਦੀ ਸਿੰਘਾਂ ਦੀ ਰਿਹਾਈ ਅਤੇ 15 ਅਗਸਤ ਨੂੰ ਮੋਰਚੇ ’ਤੇ ਕੀਤੇ ਤਸ਼ੱਦਦ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਅਬੋਹਰ, (ਤੇਜਿੰਦਰ ਸਿੰਘ ਖ਼ਾਲਸਾ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ 15 ਅਗਸਤ ਨੂੰ ਮੋਰਚੇ ’ਤੇ ਕੀਤੇ ਗਏ ਤਸ਼ੱਦਦ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਬੋਹਰ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਅਬੋਹਰ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ, ਵਪਾਰਿਕ, ਰਾਜਸੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਂਝੇ ਸੰਘਰਸ਼ ਵਿਚ ਸ਼ਮੂਲੀਅਤ ਕਰਦਿਆਂ 12 ਨੰਬਰ ਬਾਜ਼ਾਰ ਦੇ ਬਾਹਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰੋਸ ਧਰਨਾ ਦਿੱਤਾ। ਧਰਨੇ ਵਿਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਸਿੱਖ ਆਗੂ ਤਜਿੰਦਰ ਪਾਲ ਸਿੰਘ ਟਿੰਮਾ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਗੁਣਵੰਤ ਸਿੰਘ ਪੰਜਾਵਾਂ, ਤਜਿੰਦਰ ਪਾਲ ਸਿੰਘ ਟਿੰਮਾ, ਗੁਰਵਿੰਦਰ ਸਿੰਘ ਵਿਪਨ, ਗੁਰਮੀਤ ਸਿੰਘ ਪਰਜਾਪਤੀ, ਸੁਖਜਿੰਦਰ ਸਿੰਘ ਰਾਜਨ ਸਮੇਤ ਹੋਰ ਆਗੂਆਂ ਨੇ ਸਿੱਖ ਕੌਮ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ’ਤੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਖ਼ਾਤਰ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ, ਪਰ ਇਸ ਦੇ ਬਾਵਜੂਦ ਪੰਜਾਬੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਕਿਹਾ ਕਿ ਸਿੱਖ ਕੌਮ ਨਾਲ ਸਬੰਧਿਤ ਕਈ ਮਸਲੇ ਲੰਬੇ ਸਮੇਂ ਤੋਂ ਲਟਕ ਰਹੇ ਹਨ, ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਨ੍ਹਾਂ ਮਸਲਿਆਂ ਦਾ ਸਥਾਈ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਚਰਨ ਸਿੰਘ ਪੱਪੂ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਗੁਣਵੰਤ ਸਿੰਘ ਪੰਜਾਵਾ, ਜਗਜੀਤ ਸਿੰਘ ਸੰਧੂ, ਨਿਰਮਲ ਸਿੰਘ ਬਹਾਵਵਾਲਾ, ਅਜੈ ਵਧਵਾ, ਕੁਲਦੀਪ ਸਿੰਘ ਸ਼ੇਰਗੜ੍ਹ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੁਖਜਿੰਦਰ ਸਿੰਘ ਰਾਜਨ, ਆਜ਼ਾਦ ਕਿਸਾਨ ਮੋਰਚਾ ਦੇ ਮਨੋਜ ਗੋਦਾਰਾ, ਗੁਰਮੀਤ ਸਿੰਘ ਪਰਜਾਪਤੀ, ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਦੇ ਗੁਰਵਿੰਦਰ ਸਿੰਘ ਵਿਪਨ, ਭਾਈ ਘਨੱਈਆ ਸੇਵਾ ਸੁਸਾਇਟੀ ਦੇ ਪਰਮਿੰਦਰ ਸਿੰਘ ਪੰਮਾ ਖ਼ਾਲਸਾ, ਬਲਵਿੰਦਰ ਸਿੰਘ ਬਿੰਦਰ, ਵਿਨੈ ਪ੍ਰਤਾਪ ਸਿੰਘ ਖ਼ਾਲਸਾ, ਜਸ਼ਨਦੀਪ ਸਿੰਘ, ਅਰਵਿੰਦਰ ਸਿੰਘ ਰਿੰਕਾ, ਰਾਜਵਿੰਦਰ ਸਿੰਘ ਚੰਨਾ, ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਦੇ ਕੁਲਬੀਰ ਸਿੰਘ ਅਜੀਮਗੜ੍ਹ, ਮਾਨ ਸਿੰਘ ਪਰੂਥੀ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਜਗਜੀਤ ਸਿੰਘ ਜੱਗਾ, ਰਣਜੀਤ ਸਿੰਘ, ਸੁਰਿੰਦਰ ਸਿੰਘ ਚਲਾਣਾ, ਦਵਿੰਦਰ ਸਿੰਘ ਵਾਹਲਾ, ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸੁਖਵੰਤ ਸਿੰਘ ਫ਼ੌਜੀ, ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਤੇਜਪਾਲ ਸਿੰਘ ਕੁੰਡਲ, ਪਰਮਜੀਤ ਸਿੰਘ ਬੁਰਜਾਂ, ਚੰਨਣ ਸਿੰਘ ਧਾਲੀਵਾਲ, ਅਮਰੀਕ ਸਿੰਘ ਕਿੱਕਰ ਖੇੜਾ, ਬਲਜੀਤ ਸਿੰਘ ਬਬਲਾ, ਜਸ਼ਨਦੀਪ ਸਿੰਘ, ਲਖਵਿੰਦਰ ਸਿੰਘ ਮਾਨ, ਸੁਰਿੰਦਰ ਫ਼ੌਜੀ, ਮਨਜੀਤ ਸਿੰਘ ਮੰਨੀ ਕਥੂਰੀਆ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਪੰਜਾਬ ਬੰਦ ਦੇ ਸੱਦੇ ਤਹਿਤ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਅਬੋਹਰ ਸ਼ਹਿਰ ਦੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਬੰਦ ਨੂੰ ਸਫਲ ਬਣਾਉਣ ਲਈ ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਵਪਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਸੰਧੂ ਵਲੋਂ ਧਰਨੇ ਵਿਚ ਸ਼ਾਮਲ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਲਗਾਇਆ ਗਿਆ। ਪੰਜਾਬ ਬੰਦ ਦੇ ਸੱਦੇ ਨੂੰ ਜਲਾਲਾਬਾਦ ’ਚ ਮਿਲਿਆ ਪੂਰਨ ਸਮਰਥਨ ਸ਼ਾਂਤਮਈ ਢੰਗ ਦੇ ਨਾਲ ਜਲਾਲਾਬਾਦ ’ਚ ਕੀਤਾ ਗਿਆ ਰੋਸ ਪ੍ਰਦਰਸ਼ਨ ਜਲਾਲਾਬਾਦ, (ਜਤਿੰਦਰ ਪਾਲ ਸਿੰਘ)-ਕੌਮੀ ਇਨਸਾਫ਼ ਮੋਰਚਾ ਪੰਜਾਬ ਦੇ ਸੱਦੇ ’ਤੇ ਜਲਾਲਾਬਾਦ ਵੀ 12 ਵਜੇ ਤੱਕ ਪੂਰਨ ਤੋਰ ’ਤੇ ਬੰਦ ਰਿਹਾ ਅਤੇ ਸਭਨਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਕਰਦੇ ਹੋਏ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਜਲਾਲਾਬਾਦ ਵਿਚ ਪ੍ਰਾਈਵੇਟ ਸਕੂਲ ਬੰਦ ਰਹੇ ਪਰ ਸਰਕਾਰੀ ਸਕੂਲ ਖੁੱਲ੍ਹੇ ਰਹੇ। ਬੰਦ ਵਿਚ ਜਲਾਲਾਬਾਦ ਦੇ ਵਪਾਰ ਮੰਡਲ, ਕਿਸਾਨ ਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਦਾ ਪੂਰਾ ਸਹਿਯੋਗ ਰਿਹਾ। ਅੱਜ ਸਵੇਰੇ ਗੁਰਦੁਆਰਾ ਸਿੰਘ ਸਭਾ ਵਿਖੇ ਬੰਦ ਦੀ ਹਮਾਇਤ ਵਿਚ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਵਪਾਰ ਮੰਡਲ ਦੇ ਆਗੂ ਸ਼ਾਮਲ ਰਹੇ। ਬਾਅਦ ਵਿਚ ਸ਼ਾਂਤਮਈ ਢੰਗ ਦੇ ਨਾਲ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ 35 ਸਾਲਾਂ ਤੋਂ ਜੇਲ੍ਹਾਂ ਵਿਚ ਬਿਨਾਂ ਪੈਰੋਲ ਤੋਂ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਉਦਾਸੀਨ ਬਣੀ ਹੋਈ ਹੈ। ਪ੍ਰਦਰਸ਼ਨ ਦੌਰਾਨ ਕਾਰਕੁਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੋਵਾਂ ਉੱਤੇ ਦੋਸ਼ ਲਗਾਇਆ ਕਿ ਉਹ ਇਸ ਮੁੱਦੇ ਉੱਤੇ ਇਕ ਦੂਜੇ ਉੱਤੇ ਜ਼ਿੰਮੇਵਾਰੀ ਸੁੱਟ ਰਹੇ ਹਨ। ਕੌਮੀ ਇਨਸਾਫ਼ ਮੋਰਚਾ ਪਿਛਲੇ ਤਿੰਨ ਸਾਲਾਂ ਤੋਂ ਚੰਡੀਗੜ੍ਹ-ਮੋਹਾਲੀ ਸਰਹੱਦ ਉੱਤੇ ਵਾਈ.ਪੀ.ਐੱਸ ਚੌਕ ਦੇ ਕੋਲ ਪੱਕਾ ਧਰਨਾ ਲਾ ਕੇ ਬੈਠਾ ਹੈ। ਮੋਰਚੇ ਦੇ ਅਨੁਸਾਰ ਕਈ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਜੇਲ੍ਹਾਂ ਵਿਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ। ਇਹਨਾਂ ਵਿਚ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਦਵਿੰਦਰ ਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਵਰਗੇ ਕੈਦੀ ਸ਼ਾਮਲ ਹਨ। ਮੋਰਚੇ ਨੇ ਖ਼ਾਸ ਤੌਰ ’ਤੇ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨੂੰ ਮਿਲਣ ਲਈ ਘੱਟੋ-ਘੱਟ ਦਸ ਦਿਨ ਦੀ ਪੈਰੋਲ ਦੇਣ ਦੀ ਮੰਗ ਵੀ ਦੁਹਰਾਈ ਹੈ। ਜਲਾਲਾਬਾਦ ਵਿਚ ਆਯੋਜਿਤ ਇਸ ਰੋਸ ਪ੍ਰਦਰਸ਼ਨ ਵਿਚ ਸਥਾਨਕ ਕਾਰਕੁਨਾਂ ਨੇ ਮੋਰਚੇ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਚੁੱਪ ਨਹੀਂ ਬੈਠੇਗੀ ਅਤੇ ਬੰਦੀ ਸਿੰਘਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀ ਰਹੇਗੀ। ਆਗੂਆਂ ਨੇ ਕਿਹਾ ਕਿ ਪੰਦਰਾਂ ਅਗਸਤ ਨੂੰ ਮੋਰਚੇ ਨੇ ਰਾਜਪਾਲ ਭਵਨ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਰੱਖਿਆ ਸੀ ਪਰ ਪੁਲਿਸ ਨੇ ਮੋਹਾਲੀ-ਚੰਡੀਗੜ੍ਹ ਸਰਹੱਦ ਉੱਤੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ। ਉਸ ਦੌਰਾਨ ਪੁਲਿਸ ਨੇ ਵਾਟਰ ਕੈਨਨ ਅਤੇ ਅੱਥਰੂ ਗੈੱਸ ਦਾ ਇਸਤੇਮਾਲ ਕੀਤਾ ਅਤੇ ਡਰੋਨ ਰਾਹੀਂ ਵੀ ਅੱਥਰੂ ਗੈੱਸ ਦੇ ਗੋਲੇ ਸੁੱਟੇ। ਮੋਰਚੇ ਦੇ ਆਗੂਆਂ ਨੇ ਉਸ ਕਾਰਵਾਈ ਨੂੰ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਉੱਤੇ ਅੱਤਿਆਚਾਰ ਦੱਸਿਆ ਅਤੇ ਉਸੇ ਦੇ ਵਿਰੋਧ ਵਿਚ ਇੱਕੀ ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਜਲਾਲਾਬਾਦ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਰਕੁਨਾਂ ਨੇ ਕਿਹਾ ਕਿ ਬੰਦ ਦੇ ਦੌਰਾਨ ਹਾਈਵੇ, ਬਾਜ਼ਾਰ, ਸਕੂਲ ਅਤੇ ਕਾਲਜ ਪ੍ਰਭਾਵਿਤ ਰਹੇ ਹਨ ਅਤੇ ਲੋਕ ਮੋਰਚੇ ਦੇ ਨਾਲ ਖੜ੍ਹੇ ਹਨ। ਬੰਦ ਦੇ ਸੱਦੇ ਨੂੰ ਮੰਡੀ ਰੋੜਾਂਵਾਲੀ ’ਚ ਭਰਵਾਂ ਹੁੰਗਾਰਾ ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਬੰਦੀ ਸਿੰਘਾ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਮੰਡੀ ਰੋੜਾਂਵਾਲੀ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਮੰਡੀ ਰੋੜਾਂਵਾਲੀ ਵਿਚ ਸਵੇਰ ਸਮੇਂ ਤੋਂ ਬਿਨਾਂ ਕਿਸੇ ਜਥੇਬੰਦੀ ਵਲੋਂ ਬੰਦ ਕਰਵਾਇਆ ਮੈਡੀਕਲਾਂ ਨੂੰ ਛੱਡ ਕੇ ਦੁਕਾਨਦਾਰਾਂ ਵਲੋਂ 2 ਵਜੇ ਤੱਕ ਪੂਰਨ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਸਰਕਾਰੀ ਸਕੂਲਾਂ ਨੂੰ ਛੱਡ ਕੇ ਸਮੂਹ ਪ੍ਰਾਈਵੇਟ ਸਕੂਲ ਵੀ ਬੰਦ ਰਹੇ। ਫ਼ਾਜ਼ਿਲਕਾ, ਕੋਟਕਪੂਰਾ, ਬਠਿੰਡਾ, ਰਿਵਾੜੀ, ਦਿੱਲੀ ਆਦਿ ਨੂੰ ਗੁਜ਼ਰਨ ਵਾਲੀਆਂ ਰੇਲ ਗੱਡੀਆਂ ਇੱਥੋਂ ਆਮ ਵਾਂਗ ਗੁਜ਼ਰਦੀਆਂ ਰਹੀਆਂ ਜਦੋਂ ਕਿ ਸ਼੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਫ਼ਾਜ਼ਿਲਕਾ ਆਦਿ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਪੂਰਨ ਤੌਰ ’ਤੇ ਬੰਦ ਰਹੀਆਂ। ਦੁਕਾਨਦਾਰਾਂ ਵਲੋਂ 2 ਵਜੇ ਤੋਂ ਬਾਅਦ ਵੀ ਬਾਜ਼ਾਰ ਵਿਚ ਸਬਜ਼ੀ ਆਦਿ ਦੀਆਂ ਇੱਕਾ ਦੁੱਕਾ ਦੁਕਾਨਾਂ ਹੀ ਖੋਲੀਆਂ ਗਈਆਂ। ਸਥਾਨਕ ਬਾਜ਼ਾਰ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ, ਐੱਚ. ਡੀ.ਐਫ.ਸੀ ਬੈਂਕ ਅਤੇ ਕੋਆਪਰੇਟਿਵ ਬੈਂਕ ਆਮ ਵਾਂਗ ਖੁੱਲੇ੍ਹ ਰਹੇ। ਬੱਲੂਆਣਾ ਹਲਕੇ ਅੰਦਰ ਬੰਦ ਦਾ ਨਹੀਂ ਰਿਹਾ ਕੋਈ ਬਹੁਤਾ ਅਸਰ ਬੱਲੂਆਣਾ, (ਜਸਮੇਲ ਸਿੰਘ ਢਿੱਲੋਂ)-ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਹਲਕਾ ਬੱਲੂਆਣਾ ’ਚ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਕੌਮੀ ਇਨਸਾਫ਼ ਮੋਰਚੇ ਵਲੋਂ ਆਪਣੀਆਂ ਕੁੱਝ ਮੰਗਾਂ ਸਰਕਾਰ ਅੱਗੇ ਰੱਖਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਵਿਚ ਮੁੱਖ ਮੰਗਾਂ ਬੰਦੀ ਸਿੰਘਾਂ ਅਤੇ ਕੁੱਝ ਹੋਰ ਲੋਕ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਨੂੰ ਰਿਹਾਅ ਕੀਤਾ ਜਾਵੇ, ਬੇਰੁਜ਼ਗਾਰੀ ਦੂਰ ਕੀਤੀ ਜਾਵੇ, ਮਹਿੰਗਾਈ ਘੱਟ ਕੀਤੀ ਜਾਵੇ ਅਤੇ ਕਿਸਾਨਾਂ ਦੀਆਂ ਜ਼ਰੂਰੀ ਮੰਗਾਂ ਪੂਰਾ ਕੀਤੀਆਂ ਜਾਣ ਆਦਿ। ਪਰੰਤੂ ਬੱਲੂਆਣਾ ਹਲਕੇ ਵਿਚ ਬੰਦ ਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦਿੱਤਾ। ਹਲਕੇ ਦੇ ਕਸਬਿਆਂ ਸੀਤੋ ਗੁੰਨ੍ਹੋਂ, ਖੁੱਬਣ, ਬੱਲੂਆਣਾ ਆਦਿ ਵਿਚ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ। ਅਰਨੀਵਾਲਾ ਮੁਕੰਮਲ ਬੰਦ ਰਿਹਾ, ਅਰਦਾਸ ਉਪਰੰਤ ਹੋਈ ਧਰਨੇ ਦੀ ਸਮਾਪਤੀ ਮੰਡੀ ਅਰਨੀਵਾਲਾ, (ਨਿਸ਼ਾਨ ਸਿੰਘ ਮੋਹਲ਼ਾ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਬੰਦ ਦਾ ਅਸਰ ਅਰਨੀਵਾਲਾ ਵਿਚ ਵੀ ਦੇਖਣ ਨੂੰ ਮਿਲਿਆ। ਫਾਜ਼ਿਲਕਾ-ਮਲੋਟ ਰੋਡ ’ਤੇ ਕਸਬਾ ਅਰਨੀਵਾਲਾ ਵਿਚ ਸਿੱਖ ਜਥੇਬੰਦੀਆਂ ਵਲੋਂ ਧਰਨਾ ਵੀ ਲਗਾਇਆ ਗਿਆ ਅਤੇ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਕੀਤੇ ਜਾਣ ਦੀ ਮੰਗ ਵੀ ਉਠਾਈ। ਇਸੇ ਦਰਮਿਆਨ ਸਿੱਖ ਜਥੇਬੰਦੀਆਂ ਵਲੋਂ ਲਾਏ ਧਰਨੇ ਮੌਕੇ ਸੜਕ ’ਤੇ ਮਰੀਜ਼ ਲੈ ਕੇ ਪੁੱਜੀ ਇਕ ਕਾਰ ਨੂੰ ਰਸਤਾ ਦੇ ਕੇ ਲੰਘਾਇਆ ਗਿਆ। ਧਰਨੇ ਦੀ ਸਮਾਪਤੀ ਮੌਕੇ ਅਰਦਾਸ ਕੀਤੀ ਗਈ ਅਤੇ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਸਿੱਖਾਂ ਨੇ ਰੋਜ਼ਾਨਾ ਅਰਦਾਸ ਕੀਤੇ ਜਾਣ ਲਈ ਵੀ ਕਿਹਾ। ਬੰਦ ਦਰਮਿਆਨ ਸਾਰੇ ਬਾਜ਼ਾਰ ਬੰਦ ਰਹੇ ਅਤੇ 2 ਵਜੇ ਤੋਂ ਬਾਅਦ ਬਾਜ਼ਾਰ ਖੁੱਲ੍ਹੇ। ਇਸ ਬੰਦ ਵਿਚ ਸਿੱਖ ਜਥੇਬੰਦੀਆਂ ਨੂੰ ਸਾਰੇ ਦੁਕਾਨਦਾਰਾਂ ਨੇ ਸਮਰਥਨ ਦਿੱਤਾ। ਸਿੱਖ ਜਥੇਬੰਦੀਆਂ ਵਲੋਂ ਲਗਾਏ ਧਰਨੇ ਵਿਚ ਸਿੱਖ ਜਥੇਬੰਦੀਆਂ ਦੇ ਆਗੂ ਨਰਿੰਦਰ ਪਾਲ ਸਿੰਘ ਵੈਰੜ, ਬਾਬਾ ਮੋਹਨ ਸਿੰਘ, ਮਨਜੀਤ ਸਿੰਘ ਮਾਹੂਆਣਾ, ਨਿਸ਼ਾਨ ਸਿੰਘ ਢਿੱਲੋਂ ਬੀ.ਕੇ.ਯੂ ਕਾਦੀਆਂ, ਸ਼ੇਰ ਸਿੰਘ ਵੈਰੜ, ਰਾਜਪਾਲ ਸਿੰਘ ਇਸਲਾਮ ਵਾਲਾ, ਬਿੱਟੂ ਮੱਲ, ਬਖ਼ਸ਼ੀਸ਼ ਸਿੰਘ ਡੱਬਵਾਲਾ ਕਲਾਂ, ਬਲਵਿੰਦਰ ਸਿੰਘ ਔਲਖ ਡੱਬਵਾਲਾ ਕਲਾਂ, ਲਖਬੀਰ ਸਿੰਘ ਬੰਨਾ ਵਾਲਾ, ਅੰਗਰੇਜ਼ ਸਿੰਘ ਭੁੱਲਰ, ਡਾ.ਬੀ.ਡੀ ਕਾਲੜਾ, ਲਖਵਿੰਦਰ ਸਿੰਘ ਸੰਧੂ, ਰਾਮ ਸਿੰਘ ਡੱਬਵਾਲਾ ਕਲਾਂ, ਭੋਲਾ ਲਾਇਲਪੁਰੀਆ, ਜਤਿੰਦਰ ਸਿੰਘ ਮੂਲਿਆਵਾਲੀ, ਹਰਜਿੰਦਰ ਸਿੰਘ ਸ਼ਾਹਪੁਰਾ, ਬਲਵੰਤ ਸਿੰਘ ਘਟਿਆ ਵਾਲੀ ’ਤੇ ਹੋਰ ਵੀ ਹਾਜ਼ਰ ਸਨ। ਸਿੱਖ ਜਥੇਬੰਦੀਆਂ ਵਲੋਂ ਗਰਮੀ ਦੇ ਵਿਚ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਸੜਕ ’ਤੇ ਬੈਠ ਕੇ ਧਰਨਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਨਤਾ ਨਾਲ ਕੀਤੇ ਗਏ ਵਾਅਦੇ ਜਿੱਤਣ ਤੋਂ ਬਾਅਦ ਹੋਣਗੇ ਸਾਰੇ ਪੂਰੇ- ਡਾਕਟਰ ਬਾਜਵਾ ਅਗਲੀ ਖ਼ਬਰ ਫ਼ਾਜ਼ਿਲਕਾ ’ ਚ ਸਰਹੱਦ ਦੇ ਰਾਖਿਆਂ ਲਈ ਤਿਆਰ ਹੋ ਰਹੀਆਂ 1100 ਵਿਸ਼ੇਸ਼ ਰੱਖੜੀਆਂ
Ad Position 24