ਰੇਲਵੇ ਵਲੋਂ ਬਣਾਈ ਜਾ ਰਹੀ ਕੰਧ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ
* ਕਾਂਗਰਸੀ ਆਗੂ ਸੁਧੀਰ ਭਾਦੂ ਨੇ ਰਾਮ ਨਗਰ ਪਹੁੰਚ ਕੇ ਸੁਣੀਆਂ ਸਮੱਸਿਆਵਾਂ
ਅਬੋਹਰ, 26 ਅਗਸਤ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਤਾਰਾ ਅਸਟੇਟ ਦੇ ਨੇੜੇ ਸਥਿਤ ਮੁਹੱਲਾ ਰਾਮ ਨਗਰ ਦੇ ਵਸਨੀਕ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਹੁਣ ਉਨ੍ਹਾਂ ਦੇ ਮੁਹੱਲੇ ਦੀ ਹੋਂਦ ’ਤੇ ਵੀ ਸੰਕਟ ਮੰਡਰਾ ਰਿਹਾ ਹੈ। ਮੁਹੱਲਾ ਵਾਸੀਆਂ ਦੀ ਮੰਗ ’ਤੇ ਇਸ ਸੰਬੰਧੀ ਜਾਣਕਾਰੀ ਲੈਣ ਲਈ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ ਆਪਣੇ ਸਾਥੀਆਂ ਸਮੇਤ ਰਾਮ ਨਗਰ ਪਹੁੰਚੇ।
ਅਬੋਹਰ, 26 ਅਗਸਤ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਤਾਰਾ ਅਸਟੇਟ ਦੇ ਨੇੜੇ ਸਥਿਤ ਮੁਹੱਲਾ ਰਾਮ ਨਗਰ ਦੇ ਵਸਨੀਕ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਹੁਣ ਉਨ੍ਹਾਂ ਦੇ ਮੁਹੱਲੇ ਦੀ ਹੋਂਦ ’ਤੇ ਵੀ ਸੰਕਟ ਮੰਡਰਾ ਰਿਹਾ ਹੈ। ਮੁਹੱਲਾ ਵਾਸੀਆਂ ਦੀ ਮੰਗ ’ਤੇ ਇਸ ਸੰਬੰਧੀ ਜਾਣਕਾਰੀ ਲੈਣ ਲਈ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ ਆਪਣੇ ਸਾਥੀਆਂ ਸਮੇਤ ਰਾਮ ਨਗਰ ਪਹੁੰਚੇ। ਇਸ ਮੌਕੇ ਮੁਹੱਲਾ ਵਾਸੀਆਂ ਨੇ ਸੁਧੀਰ ਭਾਦੂ ਨੂੰ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਇਕ ਕੰਧ ਬਣਾਈ ਜਾ ਰਹੀ ਹੈ। ਇਸ ਕੰਧ ਦੇ ਬਣਨ ਨਾਲ ਮੁਹੱਲੇ ਦੀਆਂ ਤਿੰਨੋਂ ਗਲੀਆਂ ਦੇ ਰਸਤੇ ਬੰਦ ਹੋ ਜਾਣਗੇ, ਜਿਸ ਕਾਰਨ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਸਮੱਸਿਆ ਸਬੰਧੀ ਆਪਣੀ ਆਵਾਜ਼ ਚੁੱਕ ਚੁੱਕੇ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਤਿੰਨੋਂ ਗਲੀਆਂ ਦੇ ਰਸਤੇ ਬੰਦ ਹੋ ਗਏ ਤਾਂ ਉਹ ਆਪਣੇ ਘਰਾਂ ਵਿਚ ਆਉਣ-ਜਾਣ ਕਿਵੇਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਅੰਡਰ ਪਾਸ ਨਾਲ ਜੋੜ ਕੇ ਰਸਤਾ ਦਿੱਤਾ ਜਾਵੇ ਜਾਂ ਫਿਰ ਫਾਟਕ ਬਣਾ ਕੇ ਆਉਣ-ਜਾਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ’ਤੇ ਸੀਨੀਅਰ ਕਾਂਗਰਸੀ ਆਗੂ ਸੁਧੀਰ ਭਾਦੂ ਨੇ ਵਿਧਾਇਕ ਸੰਦੀਪ ਜਾਖੜ ਤੋਂ ਮੰਗ ਕੀਤੀ ਕਿ ਉਹ ਦਿੱਲੀ ਜਾ ਕੇ ਰੇਲਵੇ ਮੰਤਰਾਲੇ ਜਾਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਰਾਮ ਨਗਰ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕਰਵਾਉਣ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਸੁਧੀਰ ਭਾਦੂ ਨੂੰ ਵਾਰਡ ਦੇ ਪਹਿਲਾਂ ਤੋਂ ਹੀ ਬਣੇ ਨਰਕ ਵਰਗੇ ਹਾਲਾਤ ਵੀ ਦਿਖਾਏ। ਉੱਥੇ ਸੀਵਰੇਜ ਦਾ ਬਦਬੂਦਾਰ ਪਾਣੀ ਭਰਿਆ ਹੋਇਆ ਸੀ, ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਠੱਪ ਪਏ ਸਨ, ਮਰੇ ਹੋਏ ਜਾਨਵਰਾਂ ਦੀ ਭਿਆਨਕ ਬਦਬੂ ਆ ਰਹੀ ਸੀ, ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਮੱਛਰਾਂ ਦੀ ਭਰਮਾਰ ਸੀ। ਮੁਹੱਲੇ ਦੇ ਹਾਲਾਤ ਤੋਂ ਬਾਅਦ ਸੁਧੀਰ ਭਾਦੂ ਨੇ ਭਾਜਪਾ ਆਗੂਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਾਰਟੀ ਸਿਰਫ਼ ਰਾਮ ਦੇ ਨਾਮ ’ਤੇ ਵੋਟਾਂ ਲੈਂਦੀ ਹੈ ਪਰ ਉਨ੍ਹਾਂ ਦੇ ਨਾਮ ਦਾ ਕੋਈ ਸਨਮਾਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਰਾਮ ਦੇ ਨਾਮ ’ਤੇ ਵਸਾਏ ਗਏ ਰਾਮ ਨਗਰ ਮੁਹੱਲੇ ਦੀ ਮੌਜੂਦਾ ਹਾਲਤ ਇਹ ਦਰਸਾਉਂਦੀ ਹੈ ਕਿ ਨਾ ਤਾਂ ਇਨ੍ਹਾਂ ਨੂੰ ਰਾਮ ਨਾਮ ਨਾਲ ਪਿਆਰ ਹੈ ਅਤੇ ਨਾ ਹੀ ਮਨੁੱਖਤਾ ਨਾਲ ਕੋਈ ਹਮਦਰਦੀ ਹੈ। ਸੁਧੀਰ ਭਾਦੂ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਮ ਨਗਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਉਨ੍ਹਾਂ ਦੀ ਲੜਾਈ ਲੜੇਗੀ।