ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਵਲੋਂ ਸਕੂਲ ਵਿਚ ਵਾਤਾਵਰਨ ਸੰਬੰਧੀ ਸੈਮੀਨਾਰ
ਜ਼ੀਰਾ, 5 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਐਨ. ਜੀ.
ਜ਼ੀਰਾ, 5 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵਲੋਂ ਨੇੜਲੇ ਪਿੰਡ ਬੋਤੀਆਂ ਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਚ ਵਾਤਾਵਰਨ ਸੰਭਾਲ ਵਿਸ਼ੇ ’ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਨਰਿੰਦਰ ਸਿੰਘ ਨੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵੱਖ-ਵੱਖ ਕਾਰਨਾਂ ਕਰਕੇ ਹਵਾ ਵਿਚ ਜ਼ਹਿਰ ਘੁਲ ਰਿਹਾ ਹੈ, ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਮੌਕੇ ਚਲਾਏ ਜਾਣ ਵਾਲੇ ਪਟਾਕੇ ਜਿੱਥੇ ਆਰਜ਼ੀ ਮਨੋਰੰਜਨ ਦਿੰਦੇ ਹਨ, ਉੱਥੇ ਹੀ ਇਨ੍ਹਾਂ ਵਿਚੋਂ ਨਿਕਲਦਾ ਜ਼ਹਿਰੀਲਾ ਧੂੰਆਂ, ਬਾਰੀਕ ਕਣ ਅਤੇ ਕੰਨ ਪਾੜਵੇਂ ਧਮਾਕੇ ਕੁਦਰਤੀ ਵਾਤਾਵਰਨ, ਪੰਛੀਆਂ ਅਤੇ ਬੇਜ਼ੁਬਾਨ ਜਾਨਵਰਾਂ ਲਈ ਵੱਡੀ ਮੁਸੀਬਤ ਖੜ੍ਹੀ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦੀਵਾਲੀ ਖ਼ੁਸ਼ੀਆਂ ਅਤੇ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਹੈ, ਇਸ ਲਈ ਇਸ ਨੂੰ ਸਾਫ਼-ਸੁਥਰੇ ਅਤੇ ਪ੍ਰਦੂਸ਼ਣ-ਮੁਕਤ ਮਾਹੌਲ ਵਿਚ ਮਨਾਉਣਾ ਸਮਾਜ ਦੇ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪਟਾਕਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ’ਗਰੀਨ ਦੀਵਾਲੀ’ ਮਨਾਉਣ ਲਈ ਉਤਸ਼ਾਹਿਤ ਕਰਨ। ਸਮਾਗਮ ਦੇ ਅੰਤ ਵਿਚ ਮੁੱਖ ਅਧਿਆਪਕਾ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਐਨ.ਜੀ.ਓ. ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਆਏ ਹੋਏ ਸਮੂਹ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਸੰਸਥਾ ਦੇ ਆਗੂ ਹਰਜੀਤ ਸਿੰਘ ਵਧਵਾ, ਮਾਸਟਰ ਜੋਗਿੰਦਰ ਸਿੰਘ ਝੱਤਰਾ, ਬਲਵੀਰ ਸਿੰਘ ਖ਼ਾਲਸਾ ਸਮੇਤ ਸਕੂਲ ਸਟਾਫ਼ ਵਿਚੋਂ ਸ੍ਰੀਮਤੀ ਸੁਨੰਦਾ, ਤੀਰਥ ਸਿੰਘ ਅਤੇ ਨਿਸ਼ਾਨ ਸਿੰਘ ਆਦਿ ਅਧਿਆਪਕ ਹਾਜ਼ਰ ਸਨ।