ਅਬੋਹਰ ਦੀ ਲੱਕੜ ਮੰਡੀ ’ਚ ਲੱਗੀ ਭਿਆਨਕ ਅੱਗ, ਸੋਮ ਹਾਰਡਵੇਅਰ ਦੀ ਦੁਕਾਨ ਸੜ ਕੇ ਸੁਆਹ
ਅਬੋਹਰ, 9 ਨਵੰਬਰ(ਵਿਵੇਕ ਹੂੜੀਆ)- ਦੀਵਾਲੀ ਤੋਂ ਇਕ ਦਿਨ ਪਹਿਲਾਂ ਸਨਿਚਰਵਾਰ ਦੀ ਰਾਤ ਅਬੋਹਰ ਦੀ ਲੱਕੜ ਮੰਡੀ ’ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਉੱਥੇ ਸਥਿਤ ਸੋਮ ਹਾਰਡਵੇਅਰ ਦੀ ਦੁਕਾਨ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੁਕਾਨ ਦਾ ਵੱਡਾ ਹਿੱਸਾ ਅੱਗ ਦੀ ਲਪੇਟ ਵਿਚ ਆ ਗਿਆ।
ਅ
ਅਬੋਹਰ ਦੀ ਲੱਕੜ ਮੰਡੀ ਵਿਚ ਸੋਮ ਹਾਰਡਵੇਅਰ ਦੀ ਦੁਕਾਨ ਵਿਚ ਲੱਗੀ ਭਿਆਨਕ ਅੱਗ ਦਾ ਦ੍ਰਿਸ਼। ਅਜੀਤ ਤਸਵੀਰ
10-11-2026
ਅਬੋਹਰ, 9 ਨਵੰਬਰ(ਵਿਵੇਕ ਹੂੜੀਆ)- ਦੀਵਾਲੀ ਤੋਂ ਇਕ ਦਿਨ ਪਹਿਲਾਂ ਸਨਿਚਰਵਾਰ ਦੀ ਰਾਤ ਅਬੋਹਰ ਦੀ ਲੱਕੜ ਮੰਡੀ ’ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਉੱਥੇ ਸਥਿਤ ਸੋਮ ਹਾਰਡਵੇਅਰ ਦੀ ਦੁਕਾਨ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੁਕਾਨ ਦਾ ਵੱਡਾ ਹਿੱਸਾ ਅੱਗ ਦੀ ਲਪੇਟ ਵਿਚ ਆ ਗਿਆ। ਦੁਕਾਨ ਵਿਚੋਂ ਉੱਠ ਰਹੀਆਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ । ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਇਸ ਨੂੰ ਬੁਝਾਉਣ ਦੇ ਨਾਲ-ਨਾਲ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਮੁੱਢਲੀ ਜਾਣਕਾਰੀ ਅਨੁਸਾਰ ਦੁਕਾਨ ਵਿਚ ਲੱਕੜ ਨਾਲ ਸਬੰਧਿਤ ਸਾਮਾਨ ਦਾ ਭਾਰੀ ਸਟਾਕ ਮੌਜੂਦ ਸੀ, ਜਿਸ ਕਾਰਨ ਅੱਗ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਇਸ ਦੌਰਾਨ ਅਬੋਹਰ ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ ਵੀ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਸਮੇਤ ਹੋਰ ਲੋਕ ਵੀ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ। ਰਾਤ ਕਰੀਬ 10 ਵਜੇ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵਲੋਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਜਾਰੀ ਸਨ। ਇਸ ਭਿਆਨਕ ਅੱਗ ਕਾਰਨ ਦੁਕਾਨ ਵਿਚ ਭਾਰੀ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਹੋਏ ਕੁੱਲ ਨੁਕਸਾਨ ਬਾਰੇ ਅਜੇ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਸੀ।