ਸਾਢੇ ਤਿੰਨ ਤੋਲੇ ਸੋਨੇ ਦੇ ਗਹਿਣੇ, 25 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ
ਅਬੋਹਰ, 26 ਨਵੰਬਰ (ਵਿਵੇਕ ਹੂੜੀਆ)-ਅਬੋਹਰ ਦੀ ਗੋਬਿੰਦ ਨਗਰੀ ਸਥਿਤ ਗਲੀ ਨੰਬਰ 6 ਸ਼ਿਵਾਲਿਕ ਸਕੂਲ ਦੇ ਨੇੜੇ ਇਕ ਬੰਦ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਸਮੇਂ ਪਰਿਵਾਰ ਆਪਣੇ ਬੱਚਿਆਂ ਸਮੇਤ ਰਾਜਸਥਾਨ ਦੇ ਅਨੂਪਗੜ੍ਹ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਹੋਇਆ ਸੀ। ਵੀਰਵਾਰ ਦੁਪਹਿਰ ਜਦੋਂ ਪਰਿਵਾਰ ਵਾਪਸ ਘਰ ਪਰਤਿਆ ਤਾਂ ਚੋਰੀ ਦੀ ਘਟਨਾ ਦਾ ਪਤਾ ਲੱਗਿਆ। ਸੂਚਨਾ ਮਿਲਣ ’ਤੇ ਸਿਟੀ ਵਨ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮਕਾਨ ਮਾਲਕ ਅਸ਼ੋਕ ਕੁਮਾਰ ਅਬੋਹਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਮੁਲਾਜ਼ਮ ਹੈ, ਜਦਕਿ ਉਸ ਦੀ ਪਤਨੀ ਮੀਰਾ ਇਕ ਨਰਸਿੰਗ ਕਾਲਜ ਵਿਚ ਅਧਿਆਪਕਾ ਵਜੋਂ ਕੰਮ ਕਰਦੀ ਹੈ। ਪਰਿਵਾਰ ਮੰਗਲਵਾਰ ਨੂੰ ਬੱਚਿਆਂ ਸਮੇਤ ਅਨੂਪਗੜ੍ਹ ਵਿਖੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਸੀ। ਇਸ ਦੌਰਾਨ ਬੁੱਧਵਾਰ ਰਾਤ ਚੋਰਾਂ ਨੇ ਉਨ੍ਹਾਂ ਦੇ ਬੰਦ ਮਕਾਨ ਨੂੰ ਨਿਸ਼ਾਨਾ ਬਣਾ ਲਿਆ। ਦੱਸਿਆ ਜਾਂਦਾ ਹੈ ਕਿ ਚੋਰ ਗਲੀ ਵਿਚ ਕੰਧ ’ਤੇ ਲੱਗੇ ਐਂਗਲ ਦੇ ਸਹਾਰੇ ਮਕਾਨ ਅੰਦਰ ਦਾਖ਼ਲ ਹੋਇਆ ਅਤੇ ਘਰ ਵਿਚ ਰੱਖੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ। ਵੀਰਵਾਰ ਦੁਪਹਿਰ ਕਰੀਬ 4 ਵਜੇ ਜਦੋਂ ਪਰਿਵਾਰ ਘਰ ਵਾਪਸ ਆਇਆ ਤਾਂ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਅਲਮਾਰੀਆਂ ਦਾ ਸਾਮਾਨ ਖਿੱਲਰਿਆ ਹੋਇਆ ਸੀ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਘਰ ਵਿਚੋਂ ਕਰੀਬ ਸਾਢੇ ਤਿੰਨ ਤੋਲੇ ਸੋਨੇ ਦੇ ਗਹਿਣੇ, ਲਗਭਗ 25 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਗ਼ਾਇਬ ਸੀ। ਪੀੜਤ ਪਰਿਵਾਰ ਵਲੋਂ ਤੁਰੰਤ ਸਿਟੀ ਵਨ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ’ਤੇ ਐੱਸ.ਆਈ. ਦੀਪਇੰਦਰ ਸ਼ਰਮਾ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕੀਤੀ। ਪੁਲਿਸ ਵਲੋਂ ਆਸ-ਪਾਸ ਦੇ ਘਰਾਂ ਅਤੇ ਗਲੀਆਂ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕੈਮਰੇ ਦੀ ਫੁਟੇਜ ਵਿਚ ਰਾਤ ਸਮੇਂ ਇੱਕ ਸ਼ੱਕੀ ਵਿਅਕਤੀ ਘਰ ਅੰਦਰ ਦਾਖ਼ਲ ਹੁੰਦਾ ਅਤੇ ਕੁੱਝ ਸਮੇਂ ਬਾਅਦ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਪੁਲਿਸ ਇਸ ਫੁਟੇਜ ਦੇ ਆਧਾਰ ’ਤੇ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ ਦੇ ਯਤਨ ਕਰ ਰਹੀ ਹੈ।