ਅੰਮਿ੍ਤਸਰ, 6 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ) ਜ਼ਿਲ੍ਹਾ ਅੰਮਿ੍ਤਸਰ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਸੁਖਦੇਵ ਸਿੰਘ ਪੰਨੂੰ ਦੀ ਅਗਵਾਈ ਹੇਠ ਰਾਮ ਬਾਗ ਵਿਖੇ ਹੋਈ | ਇਸ ਮੌਕੇ ਠੰਡ ਦਾ ਮੌਸਮ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਕਾਫੀ ਗਿਣਤੀ 'ਚ ਹਾਜ਼ਰੀ ਭਰੀ | ਚਰਨ ਸਿੰਘ ਸੰਧੂ ਜਨਰਲ ਸਕੱਤਰ ਨੇ ਮੀਟਿੰਗ ਦੀ ਰਸਮੀ ਸ਼ੁਰੂਆਤ ਕਰਦਿਆਂ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਕੈਸ਼ੀਅਰ ਨਰਿੰਦਰ ਸ਼ਰਮਾ ਨੇ ਵਿੱਤ ਰਿਪੋਰਟ ਪੇਸ਼ ਕੀਤੀ ਉਪਰੰਤ ਸੁਖਦੇਵ ਸਿੰਘ ਪੰਨੂੰ ਪ੍ਰਧਾਨ, ਚਰਨ ਸਿੰਘ ਐਕਟਿੰਗ ਪ੍ਰਧਾਨ, ਸੁਖਜਿੰਦਰ ਸਿੰਘ ਰਿਆੜ ਸੀਨੀਅਰ ਮੀਤ ਪ੍ਰਧਾਨ, ਚਰਨ ਸਿੰਘ ਸੰਧੂ ਜਨਰਲ ਸਕੱਤਰ ਅਤੇ ਨਰਿੰਦਰ ਸ਼ਰਮਾ ਕੈਸ਼ੀਅਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਇਸ ਸਰਕਾਰ ਨੇ ਕੀਤਾ ਹੈ ਕਿ ਸਾਲ 1966 ਤੋਂ ਨਵਾਂ ਪੰਜਾਬ ਹੋਂਦ 'ਚ ਆਉਣ ਤੋਂ ਬਾਅਦ ਪਹਿਲੀ ਵਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੋਰ ਮੰਗਾਂ ਮੰਨਣੀਆਂ ਤਾਂ ਦੂਰ ਦੀ ਗੱਲ ਸਾਲ 2025 ਦੌਰਾਨ ਡੀ. ਏ. ਦੀ ਇਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਜਦੋਂ ਕਿ 16 ਫੀਸਦੀ ਡੀ. ਏ. ਸਰਕਾਰ ਵੱਲ ਬਕਾਇਆ ਖੜਾ ਹੈ | ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਇਸ ਨੀਤੀ ਅਤੇ ਨੀਅਤ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਸਰਕਾਰ ਨੂੰ ਇਸ ਨੀਤੀ ਦਾ ਆਉਣ ਵਾਲੇ ਸਮੇਂ 'ਚ ਸਖ਼ਤ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਲੋਹੜੀ ਦਾ ਤਿਉਹਾਰ ਮਨਾਉਂਦਿਆਂ ਹੋਇਆਂ ਸਾਰੇ ਹਾਜ਼ਰ ਪੈਨਸ਼ਨਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਸੁਖਦੇਵ ਸਿੰਘ ਪੰਨੂੰ ਪ੍ਰਧਾਨ ਅਤੇ ਚਰਨ ਸਿੰਘ ਸੰਧੂ ਜਨਰਲ ਸਕੱਤਰ ਨੇ ਕਿਹਾ ਮਿਤੀ 1-1-2016 ਤੋਂ 2.59 ਦੇ ਗੁਣਾਂਕ ਨਾਲ ਪੈਨਸ਼ਨਾਂ ਸੋਧੀਆਂ ਜਾਣ ਅਤੇ ਮਿਤੀ 1-1-2016 ਤੋਂ ਸੋਧੀਆਂ ਪੈਨਸ਼ਨਾਂ ਦਾ ਬਕਾਇਆ ਯਕਮੁਸ਼ਤ ਨਕਦ ਦਿੱਤਾ ਜਾਵੇ, ਕੇਂਦਰ ਅਤੇ ਗੁਆਂਢੀ ਸੂਬਿਆਂ ਦੀ ਤਰਜ਼ 'ਤੇ ਪੈਂਡਿੰਗ 16% ਡੀ. ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਡੀ. ਏ. ਦੀਆਂ ਪਹਿਲਾਂ ਜਾਰੀ ਕੀਤੀਆਂ ਕਿਸ਼ਤਾਂ ਦਾ ਬਕਾਇਆ ਵੀ ਤੁਰੰਤ ਜਾਰੀ ਕੀਤਾ ਜਾਵੇ, ਮੈਡੀਕਲ ਭੱਤਾ ਪ੍ਰਤੀ ਮਹੀਨਾ 2000/-ਕੀਤਾ ਜਾਵੇ, ਅਦਾਲਤਾਂ ਵਲੋਂ ਸਮੇਂ ਸਮੇਂ ਤੇ ਪੈਨਸ਼ਨਰਾਂ ਦੇ ਹੱਕ 'ਚ ਦਿੱਤੇ ਫ਼ੈਸਲਿਆਂ ਨੂੰ ਲਾਗੂ ਕੀਤਾ ਜਾਵੇ | ਇਕੱਤਰਤਾ 'ਚ ਹੋਰਨਾਂ ਤੋਂ ਇਲਾਵਾ ਕੰਵਰ ਹਰਜੀਤ ਸਿੰਘ, ਸਵਿੰਦਰਪਾਲ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਐੱਚ. ਆਰ. ਸੂਦਨ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਅਸ਼ਵਨੀ ਕੁਮਾਰ, ਓਮ ਪ੍ਰਕਾਸ਼, ਸਤਨਾਮ ਸਿੰਘ, ਬਿਹਾਰੀ ਲਾਲ, ਬਖ਼ਸ਼ੀ ਰਾਮ, ਰਾਧੇ ਕਿਸ਼ਨ, ਦਿਲਦਾਰ ਸਿੰਘ, ਦੇਸ ਰਾਜ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਨਾਨਕ ਚੰਦ, ਕਸ਼ਮੀਰ ਮਸੀਹ, ਸਰਦੂਲ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ |