ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਵਲੋਂ ਕੈਂਪਸ ਭਰਤੀ ਮੁਹਿੰਮ ਦੌਰਾਨ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਲੀਡਰਸ਼ਿਪ ਅਧੀਨ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਨੇ ਜੂਨ 2026 ਵਿਚ ਪਾਸ ਆਊਟ ਹੋਣ ਵਾਲੇ ਬੈਚ ਲਈ ਇਹ ਡਰਾਈਵ ਸੰਚਾਲਿਤ ਕੀਤੀ ਗਈ, ਜਿਸ ਦੌਰਾਨ ਵਿਸ਼ਵ ਪੱਧਰ ਦੀ ਮਸ਼ਹੂਰ ਉਕਤ ਆਈ.ਟੀ. ਸਰਵਿਸਿਜ਼ ਅਤੇ ਕੰਸਲਟਿੰਗ ਕੰਪਨੀ ਟੀ.ਸੀ.ਐੱਸ. ਨੇ 57 ਵਿਦਿਆਰਥੀਆਂ ਨੂੰ ਚੁਣਿਆ ਗਿਆ | ਇਹ ਚੁਣੇ ਗਏ ਵਿਦਿਆਰਥੀ 'ਵਰਸਿਟੀ ਦੇ ਮੁੱਖ ਕੈਂਪਸ ਅੰਮਿ੍ਤਸਰ ਅਤੇ ਵੱਖ-ਵੱਖ ਖੇਤਰੀ ਕੈਂਪਸਾਂ ਦੇ ਬੀ.ਟੈੱਕ ਅਤੇ ਐੱਮ.ਸੀ.ਏ. ਕੋਰਸਾਂ ਨਾਲ ਸਬੰਧਤ ਹਨ, ਜੋ ਆਪਣੇ ਕੋਰਸ ਪੂਰੇ ਕਰਨ ਤੋਂ ਬਾਅਦ ਕੰਪਨੀ ਵਿਚ ਨੌਕਰੀ ਕਰਨਗੇ | ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਪ ਕੁਲਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ 'ਵਰਸਿਟੀ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਹੋਲਿਸਟਿਕ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਡੀਨ ਅਕੈਡਮਿਕ ਅਫੇਅਰਜ਼ ਡਾ.ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਟੀ.ਸੀ.ਐੱਸ. ਕੈਂਪਸ ਡਰਾਈਵ ਵਿਚ ਵਿਦਿਆਰਥੀਆਂ ਦੀ ਸਫਲਤਾ ਯੂਨੀਵਰਸਿਟੀ ਦੇ ਮਜ਼ਬੂਤ ਅਕੈਡਮਿਕ ਫਰੇਮਵਰਕ ਅਤੇ ਆਊਟਕਮ-ਬੇਸਡ ਐਜੂਕੇਸ਼ਨ ਸਿਸਟਮ ਦਾ ਪ੍ਰਤੀਬਿੰਬ ਹੈ | ਰਜਿਸਟਰਾਰ ਡਾ. ਕੇ. ਐੱਸ. ਛਾਬਲ ਨੇ ਕਿਹਾ ਕਿ ਯੂਨੀਵਰਸਿਟੀ ਟੀ.ਸੀ.ਐੱਸ. ਅਤੇ ਹੋਰ ਨਾਮਵਰ ਸੰਸਥਾਵਾਂ ਨਾਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਵਧੇਰੇ ਪਲੇਸਮੈਂਟ ਮੌਕੇ ਪੈਦਾ ਕਰਨ ਵੱਲ ਵਧ ਰਹੀ ਹੈ | ਪਲੇਸਮੈਂਟ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਟੀ.ਸੀ.ਐੱਸ. ਵਰਗੀ ਕੰਪਨੀ ਵਲੋਂ 57 ਵਿਦਿਆਰਥੀਆਂ ਦੀ ਚੋਣ ਵਿਦਿਆਰਥੀਆਂ ਦੀ ਮਿਹਨਤ ਅਤੇ ਪਲੇਸਮੈਂਟ ਟੀਮ ਦੇ ਸਮਰਪਿਤ ਯਤਨਾਂ ਦਾ ਸਬੂਤ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਇੰਡਸਟਰੀ-ਓਰੀਐਂਟੇਡ ਟ੍ਰੇਨਿੰਗ, ਸਾਫਟ ਸਕਿੱਲਸ ਡਿਵੈਲਪਮੈਂਟ ਅਤੇ ਕਰੀਅਰ ਗਾਈਡੈਂਸ 'ਤੇ ਫੋਕਸ ਕਰ ਰਹੀ ਹੈ ਤਾਂ ਜੋ ਵਿਦਿਆਰਥੀ ਕਾਰਪੋਰੇਟ ਮਾਹੌਲ ਵਿਚ ਮੁਕਾਬਲੇ ਲਈ ਤਿਆਰ ਹੋ ਸਕਣ |
ਨਾਮਵਰ ਆਈ.ਟੀ. ਕੰਪਨੀ ਟੀ.ਸੀ.ਐੱਸ. ਨੇ ਗੁਰੂ ਨਾਨਕ ਦੇਵ 'ਵਰਸਿਟੀ ਦੇ 57 ਵਿਦਿਆਰਥੀਆਂ ਦੀ ਨੌਕਰੀਆਂ ਲਈ ਕੀਤੀ ਚੋਣ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਈ. ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਵਲੋਂ ਕੈਂਪਸ ਭਰਤੀ ਮੁਹਿੰਮ ਦੌਰਾਨ ਯੂਨੀਵਰਸਿਟੀ ਅਤੇ ਕੰਪਨੀ ਦੇ ਅਧਿਕਾਰੀ ਨੌਕਰੀਆਂ ਲਈ ਚੁਣੇ ਗਏ ਵਿਦਿਆਰਥੀਆਂ ਨਾਲ ਨਜ਼ਰ ਆ ਰਹੇ ਹਨ | ਤਸਵੀਰ : ਅਜੀਤ<br/>
29-01-2026