ਚੇਤਨਪੁਰਾ, 28 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਟਰਪਈ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੁਲਤਾਨਵਿੰਡ, ਸੀਨੀਅਰ ਮੀਤ ਪ੍ਰਧਾਨ ਹੀਰਾ ਸਿੰਘ ਭੱਟੀ ਦੁਆਰਾ ਇਥੋਂ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਕੱਲ੍ਹ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਝੰਡਾ ਚੜ੍ਹਾਉਣ ਦੀ ਰਸਮ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ. ਪੀ. ਐੱਫ. ਯੂਨੀਅਨ ਵਲੋਂ ਭਗਵੰਤ ਮਾਨ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵੀ ਹੁਣ ਤੱਕ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਕਰਕੇ ਮੁੱਖ ਮੰਤਰੀ ਪੰਜਾਬ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜਗ੍ਹਾ ਸਵੇਰ ਤੋਂ ਹੀ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਅਤੇ ਹੋਰਨਾਂ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ | ਬਾਅਦ ਵਿਚ ਕਾਲੇ ਝੰਡਿਆਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਅਤੇ ਸੀ. ਪੀ. ਐੱਫ. ਯੂਨੀਅਨ ਵਲੋਂ ਵਿਰੋਧ ਕਰ ਰਹੇ ਆਗੂਆਂ ਨੂੰ ਪੁਲਿਸ ਨੇ ਗਿ੍ਫਤਾਰ ਕੀਤਾ ਹੈ | ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸਰਕਾਰ ਦੇ ਇਸ ਕਦਮ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਗਿ੍ਫਤਾਰ ਆਗੂਆਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਅਤੇ ਆਪਣੀ ਸਰਕਾਰ ਦੁਆਰਾ ਕੀਤਾ ਗਿਆ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇ | ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਪੰਜਾਬ ਵਿਚ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਵੇਗਾ ਸਾਰੇ ਵਰਗਾਂ ਦੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾਣਗੇ ਪਰ ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਸਾਰੇ ਵਾਅਦਿਆਂ ਤੋਂ ਮੁੱਕਰ ਗਈ ਹੈ | ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਹਰਪ੍ਰੀਤ ਸਿੰਘ ਸੋਹੀਆਂ, ਹਰਮਨਦੀਪ ਸਿੰਘ ਭੰਗਾਲੀ, ਨਵਜੋਤ ਸਿੰਘ ਰਤਨ, ਨਵਤੇਜ ਸਿੰਘ ਖਲਚੀਆਂ, ਯਾਦਵਿੰਦਰ ਸਿੰਘ ਸੰਧੂ, ਜਗਦੀਪ ਸਿੰਘ ਜਲਾਲਪੁਰ, ਨਵਤੇਜ ਸਿੰਘ ਖਿਲਚੀਆਂ, ਹਰਵਿੰਦਰ ਸਿੰਘ ਜਲਾਲਾਬਾਦ, ਰਵੀਇੰਦਰ ਪਾਲ ਸਿੰਘ, ਸਤਨਾਮ ਸਿੰਘ ਜੱਸੜ, ਪ੍ਰੀਤਮਹਿੰਦਰ ਸਿੰਘ, ਦਿਲਬਰਜੀਤ ਸਿੰਘ, ਦਲਜੀਤ ਸਿੰਘ ਸੁਧਾਰ, ਸਤਨਾਮ ਸਿੰਘ ਮਾਹਲ, ਸਰਬਜੀਤ ਸਿੰਘ ਖਾਸਾ, ਬਲਵਿੰਦਰ ਸਿੰਘ ਭੱਟੀ, ਕਰਨਜੀਤ ਸਿੰਘ ਸੀ. ਐੱਚ. ਟੀ., ਰਾਜਬੀਰ ਸਿੰਘ, ਅਮਿਤ ਕੁਮਾਰ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਮਰੜੀ, ਵਿਪਿਨ ਕੁਮਾਰ, ਮੰਗਲ ਸਿੰਘ ਟਾਂਡਾ ਆਦਿ ਆਗੂ ਹਾਜ਼ਰ ਸਨ |