12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮੱਕੀ ਦੇ ਦਾਣਿਆਂ ਵਾਂਗ ਖਿਲਰ ਰਹੀਆਂ ਨਵੀਆਂ ਬਣੀਆ ਸੜਕਾਂ

Ad Position 21
No active advertisement
ਅਜੀਤ ਡੈਸਕ 04-02-2026

* ਸੜਕਾਂ ਦੇ ਮਟੀਰੀਅਲ ਦੀ ਗੁਣਵੱਤਾ 'ਤੇ ਲੱਗਾ ਸਵਾਲੀਆ ਚਿੰਨ੍ਹ
* ਵਰਪਾਲ ਤੋਂ ਗੋਹਲਵੜ੍ਹ ਤੱਕ ਬਣੀ ਨਵੀਂ ਸੜਕ ਦੀ ਹੋਰ ਵਿਗੜੀ ਹਾਲਤ
ਅੰਮ੍ਰਿਤਸਰ, 3 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ 'ਚ ਸੜਕਾਂ ਬਣਾਉਣ ਦੌਰਾਨ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤੇ ਜਾਣ ਵਾਲੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਦਾਅਵੇ ਇੰਨੀ ਦਿਨੀਂ ਸੁਆਲਾਂ ਦੇ ਘੇਰੇ 'ਚ ਹਨ, ਕਿਉਂਕਿ ਪੰਜਾਬ 'ਚ ਸਰਕਾਰ ਵਲੋਂ ਬਣਾਈਆਂ ਜਾ ਰਹੀਆਂ ਲਿੰਕ ਸੜਕਾਂ ਕੁਝ ਕੁ ਮਹੀਨਿਆਂ 'ਚ ਹੀ ਮੱਕੀ ਦੇ ਦਾਣਿਆਂ ਵਾਂਗ ਖਿਲ਼ਰ ਰਹੀਆਂ ਹਨ। ਤ੍ਰਾਸਦੀ ਇਹ ਹੈ ਕਿ ਅਜਿਹੇ ਮਾਮਲਿਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਸੰਬੰਧਿਤ ਵਿਭਾਗਾਂ ਦੀ ਅਫਸਰਸ਼ਾਹੀ ਠੇਕੇਦਾਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੀ ਪਿੱਠ 'ਤੇ ਖੜੀ ਵਿਖਾਈ ਦੇ ਰਹੀ ਹੈ ਅਤੇ ਪ੍ਰੋਜੈਕਟ ਮੁਕੰਮਲ ਹੋਣ ਤੋਂ ਪਹਿਲਾਂ ਹੀ ਖਰਾਬ ਹੋ ਰਹੀਆਂ ਇਨ੍ਹਾਂ ਸੜਕਾਂ ਦੀ ਲਿਪਾਪੋਚੀ ਕਰਕੇ ਡੰਗ ਸਾਰਿਆ ਜਾ ਰਿਹਾ ਹੈ। ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਸੜਕਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਜਦਕਿ ਸੱਤਾਧਾਰੀ ਇਨ੍ਹਾਂ ਮਾਮਲਿਆਂ ਤੋਂ ਜਾਣੂ ਹੁੰਦੇ ਹੋਏ ਵੀ ਅਫਸਰਸਾਹੀ ਅੱਗੇ ਬੇਵੱਸ ਨਜ਼ਰ ਆ ਰਹੇ ਹਨ। ਪੰਜਾਬ ਮੰਡੀ ਬੋਰਡ ਵਲੋਂ ਹਲਕਾ ਅਟਾਰੀ ਅਧੀਨ ਆਉਂਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਪਿੰਡਾਂ 'ਚ ਸ਼ੁਮਾਰ ਪਿੰਡ ਵਰਪਾਲ ਕਲਾਂ ਤੋਂ ਗੋਹਲਵੜ੍ਹ ਤਰਨ ਤਾਰਨ ਰੋਡ ਤੱਕ ਜਾਣ ਵਾਲੀ ਨਵੀਂ ਬਣੀ ਸੜਕ ਦਾ ਰੰਗ ਅਜੇ ਪੂਰੀ ਤਰ੍ਹਾਂ ਫਿੱਕਾ ਵੀ ਨਹੀਂ ਹੋਇਆ ਸੀ ਕਿ ਉਹ ਕੁਝ ਕੁ ਹਫਤਿਆਂ 'ਚ ਹੀ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ। ਸਬੰਧਤ ਵਿਭਾਗ ਵਲੋਂ ਇਸ ਸੜਕ 'ਚ ਵੱਖ-ਵੱਖ ਥਾਵਾਂ 'ਤੇ ਬਣਾਈਆਂ ਗਈਆਂ ਪੁੱਲੀਆਂ ਆਮ ਨਾਲੋਂ ਮਾਮੂਲੀ ਆਵਾਜਾਈ ਦਾ ਭਾਰ ਵੀ ਨਾ ਝੱਲਦੇ ਹੋਏ ਕੁਝ ਕੁ ਦਿਨਾਂ 'ਚ ਹੀ ਹੇਠਾਂ ਬੈਠ ਗਈਆਂ। ਇਸ ਮਾਮਲੇ ਨੂੰ ਇਲਾਕੇ ਦੇ ਮੋਹਤਬਰਾਂ ਵਲੋਂ ਤੁਰੰਤ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਨਾਲ ਸਾਂਝਾ ਕੀਤਾ ਗਿਆ ਸੀ ਪਰ ਕਈ ਮਹੀਨੇ ਬੀਤ ਜਾਣ ਮਗਰੋਂ ਵੀ ਸੜਕ ਦੇ ਹਾਲ ਤਾਂ ਕੀ ਸੁਧਰਣੇ ਸੀ ਸਗੋਂ ਉਲਟਾ ਇਸ ਦੀ ਦੁਰਦਸ਼ਾ ਹੋਰ ਵੀ ਤਰਸਯੋਗ ਬਣ ਗਈ। ਹੁਣ ਇਸ ਦੌਰਾਨ ਲੋਕਾਂ 'ਚ ਇਹ ਚਰਚਾ ਛਿੜ ਗਈ ਕਿ ਕੁਝ ਕੁ ਮਹੀਨਿਆਂ 'ਚ ਖਰਾਬ ਹੋ ਗਈ ਇਸ ਸੜਕ ਨੂੰ ਬਣਾਉਣ ਸਮੇਂ ਕਥਿਤ ਭ੍ਰਿਸ਼ਟਾਚਾਰ ਕੀਤਾ ਗਿਆ ਜਾਪਦਾ ਹੈ ਕਿਉਂਕਿ ਠੇਕੇਦਾਰ ਵਲੋਂ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਗੁਣਵਤਾ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਦੌਰਾਨ ਇਲਾਕਾ ਵਾਸੀ ਅਮਨਦੀਪ ਸਿੰਘ, ਰਣਧੀਰ ਸਿੰਘ, ਵਿਰਸਾ ਸਿੰਘ, ਕਰਮਜੀਤ ਸਿੰਘ, ਅੰਗਰੇਜ ਸਿੰਘ, ਬਿਕਰਮ ਸਿੰਘ, ਓਕਾਰ ਸਿੰਘ, ਗੁਰਿੰਦਰ ਸਿੰਘ ਆਦਿ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਵਰਪਾਲ ਕਲਾਂ ਤੋਂ ਸ਼ੁਰੂ ਹੋਈ ਇਸ ਸੜਕ ਦਾ ਕੰਮ ਲਗਪਗ 3-4 ਕਿਲੋਮੀਟਰ ਦੂਰ ਦੂਜੇ ਕਿਨਾਰੇ 'ਤੇ ਅਜੇ ਚੱਲ ਹੀ ਰਿਹਾ ਸੀ, ਲੁੱਕ ਪੈਣ ਮਗਰੋਂ ਸੜਕਾਂ ਦੇ ਕਿਨਾਰਿਆਂ 'ਤੇ ਟਾਇਲਾਂ ਲੱਗ ਰਹੀਆਂ ਸਨ ਕਿ ਇਸ ਵਿਚਾਲੇ ਹੀ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੜਕ ਨੂੰ ਪਹਿਲਾਂ ਨਾਲੋਂ ਚੌੜਾ ਕਰਕੇ ਨਵੀਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਇਸ ਦੌਰਾਨ ਲੰਮਾ ਸਮਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਆਖ਼ਿਰ ਜਦੋਂ ਇਹ ਸੜਕ ਬਣ ਕੇ ਤਿਆਰ ਹੋ ਗਈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਣਵਾਈ ਗਈ ਇਹ ਸੜਕ ਹੁਣ ਕਈ ਸਾਲ ਨਹੀਂ ਟੁੱਟੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੜਕਾਂ ਬਣਾਉਣ ਲਈ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਇਨ੍ਹਾਂ ਸੜਕਾਂ ਦੀ ਗੁਣਵੱਤਾ ਪਰਖਣ ਲਈ ਚੈਕਿੰਗ ਟੀਮਾਂ ਦਾ ਗਠਨ ਵੀ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਬਾਰਿਸ਼ ਨਾਲ ਹੀ ਇਸ ਸੜਕ 'ਚ ਖੱਡੇ ਪੈ ਗਏ ਅਤੇ ਇਹ ਖੱਡੇ ਲਗਾਤਾਰ ਵੱਡੇ ਹੁੰਦੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮਾਮਲਾ ਸਾਹਮਣੇ ਆਉਣ 'ਤੇ ਅਫਸਰਸਾਹੀ ਨੇ ਮੌਕਾ ਦੇਖਿਆ ਅਤੇ ਕੁਝ ਕੁ ਥਾਵਾਂ 'ਤੇ ਊਬੜ-ਖਾਬੜ ਲੁੱਕ ਪਾ ਕੇ ਡੰਗ ਸਾਰ ਦਿੱਤਾ ਪਰ ਇਹ ਸੜਕ ਲਗਾਤਾਰ ਟੁੱਟਦੀ ਜਾ ਰਹੀ ਹੈ ਜਦਕਿ ਕਈ ਥਾਵਾਂ 'ਤੇ ਕੋਈ ਮੁਰੰਮਤ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਬਹੁਤ ਸਾਰੇ ਇਤਿਹਾਸਕ ਅਸਥਾਨ ਮੌਜੂਦ ਹਨ ਜਿਨ੍ਹਾਂ ਦੇ ਦਰਸ਼ਨਾਂ ਲਈ ਸੰਗਤ ਦੂਰ ਦੁਰਾਡੇ ਇਲਾਕਿਆਂ 'ਚੋਂ ਆਉਂਦੀ ਹੈ। ਇਸ ਤੋਂ ਇਲਾਵਾ ਇਹ ਸੜਕ ਨੇੜਲੇ ਕਈ ਪਿੰਡਾਂ ਨੂੰ ਵੀ ਆਪਸ 'ਚ ਜੋੜਦੀ ਹੈ ਅਤੇ ਇਥੋਂ ਛੋਟੇ-ਛੋਟੇ ਵਿਦਿਆਰਥੀ ਸਕੂਲ ਵੀ ਜਾਂਦੇ ਹਨ ਪਰ ਠੇਕੇਦਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਮੁਕੰਮਲ ਰੂਪ 'ਚ ਦੁਬਾਰਾ ਬਣਾ ਕੇ ਸਬੰਧਤ ਠੇਕੇਦਾਰ ਦੀ ਲਾਪਰਵਾਹੀ ਖਿਲ਼ਾਫ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਹਰਚਰਨ ਸਿੰਘ ਨੇ ਕਿਹਾ ਕਿ ਵਰਪਾਲ ਕਲਾਂ ਤੋਂ ਗੋਹਲਵੜ੍ਹ ਤਰਨ ਤਾਰਨ ਰੋਡ ਤੱਕ ਬਣਾਈ ਗਈ ਨਵੀਂ ਸੜਕ ਖਰਾਬ ਹੋਣ ਕਾਰਨ ਸੰਬੰਧਤ ਠੇਕੇਦਾਰ ਦੀ ਪੇਮੈਂਟ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਮੌਸਮ ਅਨੁਕੂਲ ਨਾ ਹੋਣ ਕਰਕੇ ਖਰਾਬ ਹੋਈ ਸੜਕ ਦੀ ਮੁਰੰਮਤ ਕਰਵਾਉਣ ਦਾ ਕੰਮ ਰੁਕਿਆ ਹੈ। ਮਾਰਚ ਮਹੀਨੇ 'ਚ ਪਲਾਂਟ ਚਾਲੂ ਹੋਣ ਦੇ ਤੁਰੰਤ ਬਾਅਦ ਹੀ ਇਸ ਦਾ ਪੈਚਵਰਕ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੈਲਜੀਅਮ ਦੇ 16 ਮੈਂਬਰੀ ਵਫ਼ਦ ਦੇ ਖੋਜ ਵਿਦਵਾਨਾਂ ਵਲੋਂ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਲੋਂ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਵੱਡਾ ਉਪਰਾਲਾ <br/>
Ad Position 24