ਅੰਮ੍ਰਿਤਸਰ, 3 ਫ਼ਰਵਰੀ (ਜਸਵੰਤ ਸਿੰਘ ਜੱਸ)-ਬੈਲਜੀਅਮ ਦੇਸ਼ ਦੀ ਲੂਵਨ ਯੂਨੀਵਰਸਿਟੀ ਤੋਂ ਡਾ. ਬਰਟ ਬਰੂਕਆਰਟ, ਪ੍ਰੋਫੈਸਰ ਵਰਲਡ ਰਿਲੀਜਨ ਦੀ ਅਗਵਾਈ ਵਿਚ ਗੁਰੂ ਨਗਰੀ ਵਿਖੇ ਆਏ ਅਧਿਆਪਕਾਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਸਮੇਤ 16 ਮੈਂਬਰੀ ਉੱਚ ਪੱਧਰੀ ਵਫ਼ਦ ਵਲੋਂ 132 ਵਰ੍ਹੇ ਪੁਰਾਤਨ ਇਤਿਹਾਸਕ ਸਿੱਖ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਵਿਰਾਸਤੀ ਕੈਂਪਸ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਇਸ ਸ਼ਾਨਦਾਰ ਵਿਰਾਸਤੀ ਭਵਨ ਅਤੇ ਸਿੱਖ ਇਤਿਹਾਸ ਰਿਸਰਚ ਸੈਂਟਰ 'ਚ ਸੰਭਾਲੀਆਂ ਗਈਆਂ ਅਮੂਲ ਧ੍ਰੋਹਰਾਂ ਨੂੰ ਦੇਖ ਕੇ ਵਫ਼ਦ ਦੇ ਮੈਂਬਰ ਬਹੁਤ ਪ੍ਰਭਾਵਿਤ ਹੋਏ। ਇਸ ਦੌਰਾਨ ਉਨ੍ਹਾਂ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਖੇਪ ਵਿਚਾਰ-ਵਟਾਂਦਰਾ ਵੀ ਕੀਤਾ। ਉਕਤ ਬੈਲਜੀਅਮ ਵਫ਼ਦ ਦਾ ਕੈਂਪਸ ਪਹੁੰਚਣ 'ਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵ: ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਕੌਂਸਲ ਮੈਂਬਰ ਅਤੇ ਕਾਲਜ ਦੇ ਗਲੋਬਲ ਐਲੂਮਨੀ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਦੇ ਸਹਿਯੋਗ ਨਾਲ ਪਹੁੰਚੇ ਉਕਤ ਯੂਰਪੀ ਵਫ਼ਦ ਨੇ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਅਤੇ ਸਿੱਖ ਵਾਸਤੂ ਕਲਾ ਤੇ ਇਤਿਹਾਸ ਦੀ ਖੋਜ ਲਈ ਪੰਜਾਬ ਦੌਰੇ 'ਤੇ ਆਏ ਹਨ। ਡਾ. ਛੀਨਾ ਨੇ ਕਿਹਾ ਕਿ ਵਫ਼ਦ ਨੇ ਸਿੱਖ ਇਤਿਹਾਸ ਖੋਜ ਕੇਂਦਰ ਦੇ 100 ਸਾਲ ਤੋਂ ਵਧੇਰੇ ਇਤਿਹਾਸਕ ਦਸਤਾਵੇਜ਼ੀ ਭੰਡਾਰ, ਜਿਨ੍ਹਾਂ 'ਚ ਨਾਯਾਬ ਵਸਤੂਆਂ, ਦੁਰਲੱਭ ਇਤਿਹਾਸਕ ਪੁਸਤਕਾਂ, ਜਰਨਲਾਂ ਅਤੇ ਮਿਊਜ਼ੀਅਮ ਨੂੰ ਨੀਝ ਨਾਲ ਵੇਖਿਆ ਤੇ 300 ਏਕੜ 'ਚ ਫੈਲੇ ਵਿਸ਼ਾਲ ਕੈਂਪਸ ਅਤੇ ਇੰਡੋ-ਸਾਰਾਸੈਨਿਕ ਵਾਸਤੂ ਕਲਾ ਲਈ ਪ੍ਰਸਿੱਧ ਸ਼ਾਨਦਾਰ ਭਵਨ ਦਾ ਜਾਇਜ਼ਾ ਲਿਆ। ਡਾ: ਛੀਨਾ ਨੇ ਕਿਹਾ ਕਿ ਬੈਲਜੀਅਮ ਦੇ ਅਕਾਦਮਿਕ ਜਗਤ ਨਾਲ ਜੁੜੇ ਵਿਦਵਾਨਾਂ ਦਾ ਸਵਾਗਤ ਕਰਨਾ ਕਾਲਜ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਸ ਸੰਸਥਾ ਦੀ ਵਾਸਤੂ ਕਲਾ ਸਿੱਖ, ਮੁਗਲ ਅਤੇ ਇੰਡੋ-ਸਾਰਾਸੈਨਿਕ ਸ਼ੈਲੀਆਂ ਦਾ ਇਕ ਸ਼ਾਨਦਾਰ ਮਿਸ਼ਰਣ ਪੰਜਾਬ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ। ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਇਸ ਇਤਿਹਾਸਕ ਪਿਛੋਕੜ 'ਚ ਸਿੱਖ ਇਤਿਹਾਸ ਖੋਜ ਸੈਂਟਰ ਦੀ ਵਿਸ਼ੇਸ਼ ਮਹੱਤਤਾ ਹੈ। ਇੱਥੇ ਸੰਭਾਲੀਆਂ ਗਈਆਂ ਪਾਂਡੁਲਿਪੀਆਂ, ਦਸਤਾਵੇਜ਼ੀ ਰਿਕਾਰਡ, ਅਖਬਾਰ, ਕਲਾ ਅਤੇ ਵਸਤੂਆਂ ਵਿਦਵਾਨਾਂ ਲਈ ਅਮੂਲ ਮੁਢੱਲੇ ਸਰੋਤ ਹਨ, ਜੋ ਸਿਰਫ਼ ਸਿੱਖ ਧਾਰਮਿਕ ਇਤਿਹਾਸ ਹੀ ਨਹੀਂ, ਸਗੋਂ ਦੱਖਣੀ ਏਸ਼ੀਆ ਦੇ ਸਮਾਜਿਕ ਅਤੇ ਰਾਜਨੀਤਿਕ ਇਤਿਹਾਸ ਨੂੰ ਵੀ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਰਪ ਦੀਆਂ ਸਭ ਤੋਂ ਪੁਰਾਣੀਆਂ ਤੇ ਪ੍ਰਸਿੱਧ ਯੂਨੀਵਰਸਿਟੀਆਂ 'ਚੋਂ ਇਕ ਲੂਵਨ ਯੂਨੀਵਰਸਿਟੀ ਦੇ ਵਫ਼ਦ ਦਾ ਦੌਰਾ ਕਾਲਜ ਲਈ ਖਾਸ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਆਰਕਾਈਵ ਅਧਿਐਨ, ਧਾਰਮਿਕ ਇਤਿਹਾਸ, ਕਾਲੋਨੀਅਲ ਅਤੇ ਪੋਸਟ-ਕਾਲੋਨੀਅਲ ਅਧਿਐਨ ਅਤੇ ਇਤਿਹਾਸਕ ਸਰੋਤਾਂ ਦੀ ਡਿਜ਼ਿਟਲ ਸੰਭਾਲ ਦੇ ਖੇਤਰਾਂ 'ਚ ਲੂਵਨ 'ਵਰਸਿਟੀ ਅਤੇ ਖ਼ਾਲਸਾ ਕਾਲਜ ਦਰਮਿਆਨ ਅਕਾਦਮਿਕ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ 16 ਮੈਂਬਰੀ ਵਫ਼ਦ 'ਚ ਨੇਲੇ ਆਰਮਾਂਡ ਐੱਮ., ਜੋਨਾਥਨ, ਈਸਾਈ, ਡਗਮਾਰ ਯੂਲਾਲੀ ਆਰ., ਜੋਹਾਨ, ਜੈਨੀਫਰ, ਕੈਰਲ ਫਿਲਿਪ ਲੁਈਸ, ਮੈਰੀ ਐਗਨੇਸ ਆਈ., ਨੇਟਰ-ਜਾਨ ਹੈਂਡਰਿਕ ਐਲ, ਐਕਸਲ ਰੋਜਰ ਜੇ.ਜੇ., ਗ੍ਰਿਸਜਾ ਗਿਨੋ ਸੀ, ਮਾਲਿਸ ਕ੍ਰਿਸਟੀਨ ਐੱਚ., ਕਾਟੇ, ਰਿਕ ਆਦਿ ਵਿਦਵਾਨ ਸ਼ਾਮਿਲ ਸਨ।
ਬੈਲਜੀਅਮ ਦੇ 16 ਮੈਂਬਰੀ ਵਫ਼ਦ ਦੇ ਖੋਜ ਵਿਦਵਾਨਾਂ ਵਲੋਂ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ
ਅਜੀਤ ਡੈਸਕ
04-02-2026